ਧਨਤੇਰਸ ਦੇ ਦਿਨ ਯਮਰਾਜ ਦੇਵਤਾ ਦੀ ਪੂਜਾ ਵੀ ਹੁੰਦੀ ਹੈ। ਇਹ ਇਕ ਧਾਰਮਿਕ ਮਾਨਤਾ ਹੈ ਕਿ ਯਮਰਾਜ ਪੂਜਾ ਨਾਲ ਅਕਾਲ ਮ੍ਰਿਤੂ ਦਾ ਡਰ ਖਤਮ ਹੋ ਜਾਂਦਾ ਹੈ। ਇਸ ਲਈ ਯਮ ਦੇਵਤਾ ਨੂੰ ਦੀਪਕ ਦਾ ਦਾਨ ਕਰਨਾ ਇਸ ਦਿਨ ਦਾ ਵਿਸ਼ੇਸ਼ ਕਾਰਜ ਮੰਨਿਆ ਜਾਂਦਾ ਹੈ।
ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਇਸ ਸਾਲ 10 ਨਵੰਬਰ ਨੂੰ ਧਨਤੇਰਸ ਪੂਜਾ ਦਾ ਦਿਨ ਹੈ। ਤਿਉਹਾਰਾਂ ਦੇ ਸੀਜਨ ਤੇ ਧਨਤੇਰਸ ਦੀ ਆਮਦ ਨੂੰ ਦੇਖਦਿਆਂ ਬਾਜ਼ਾਰ ਸੱਜ ਰਹੇ ਹਨ ਕਿਉਂਕਿ ਇਸ ਦਿਨ ਲੋਕ ਵੰਨ ਸੁਵੰਨੀਆਂ ਚੀਜ਼ਾਂ ਦੀ ਖਰੀਦਦਾਰੀ ਕਰਨਗੇ। ਇਸ ਦੇ ਨਾਲ ਹੀ ਭਗਵਾਨ ਧਨ ਕੁਬੇਰ ਦੀ ਧਨਵੰਤਰੀ ਵਜੋਂ ਪੂਜਾ ਕੀਤੀ ਜਾਵੇਗੀ। ਇਹੀ ਨਹੀਂ ਮਾਤਾ ਲਕਸ਼ਮੀ ਜੀ ਦੀ ਵੀ ਪੂਜਾ ਇਸ ਦਿਨ ਹੁੰਦੀ ਹੈ। ਪਰ ਸ਼ਾਇਦ ਤੁਸੀਂ ਹੈਰਾਨ ਹੋਵੋਂਗੇ ਕਿ ਧਨਤੇਰਸ ਦੇ ਦਿਨ ਯਮਰਾਜ ਦੇਵਤਾ ਦੀ ਪੂਜਾ ਵੀ ਹੁੰਦੀ ਹੈ। ਇਹ ਇਕ ਧਾਰਮਿਕ ਮਾਨਤਾ ਹੈ ਕਿ ਯਮਰਾਜ ਪੂਜਾ ਨਾਲ ਅਕਾਲ ਮ੍ਰਿਤੂ ਦਾ ਡਰ ਖਤਮ ਹੋ ਜਾਂਦਾ ਹੈ। ਇਸ ਲਈ ਯਮ ਦੇਵਤਾ ਨੂੰ ਦੀਪਕ ਦਾ ਦਾਨ ਕਰਨਾ ਇਸ ਦਿਨ ਦਾ ਵਿਸ਼ੇਸ਼ ਕਾਰਜ ਮੰਨਿਆ ਜਾਂਦਾ ਹੈ।
ਧਨਤੇਰਸ ਦੇ ਦਿਨ ਦੀਪਕ—-ਧਨਤੇਰਸ ਦੇ ਦਿਨ ਦੀਪਕ ਦਾਨ ਦੀ ਪਰੰਪਰਾ ਦਾ ਇਕ ਲੰਮਾ ਇਤਿਹਾਸ ਹੈ, ਇਹ ਪ੍ਰਥਾ ਸਦੀਆਂ ਤੋਂ ਚੱਲੀ ਆ ਰਹੀ ਹੈ। ਇਸ ਦਾ ਜ਼ਿਕਰ ਪੁਰਾਣ ਗ੍ਰੰਥਾਂ ਵਿਚ ਵੀ ਕੀਤਾ ਗਿਆ ਹੈ। ਜਿੱਥੇ ਦਰਜ ਹੈ ਕਿ ਧਨਤੇਰਸ ਦੇ ਦਿਨ ਕੁੱਲ 13 ਦੀਪਕ ਜਲਾਏ ਜਾਣੇ ਚਾਹੀਦੇ ਹਨ। ਇਹਨਾਂ ਵਿਚੋਂ ਪਹਿਲਾ ਦੀਪਕ ਯਮ ਦੇਵਤਾ ਦੇ ਨਾਮ ਦੱਖਣ ਦਿਸ਼ਾ ਵਿਚ ਜਲਾਉਣ ਦੀ ਪਰੰਪਰਾ ਹੈ। ਬਾਕੀ ਦੇ ਦੀਪਕਾਂ ਦਾ ਵੀ ਆਪੋ ਆਪਣਾ ਮਹੱਤਵ ਹੈ। ਦੂਜਾ ਦੀਪਕ ਧਨ ਦੀ ਦੇਵੀ ਮਾਂ ਲਕਸ਼ਮੀ ਦੇ ਲਈ ਜਲਾਇਆ ਜਾਂਦਾ ਹੈ। ਇਕ ਦੀਪਕ ਤੁਲਸੀ ਮਾਂ ਦੇ ਲਈ, ਇਕ ਘਰ ਦੀ ਛੱਤ, ਦੋ ਘਰ ਦੇ ਮੁੱਖ ਦਰਵਾਜ਼ੇ ਅੱਗੇ ਅਤੇ ਬਾਕੀ ਘਰ ਦੇ ਕੋਨਿਆਂ ਵਿਚ ਟਕਾਏ ਜਾਂਦੇ ਹਨ। ਇਸ ਨਾਲ ਜੀਵਨ ਦੀ ਹਰ ਖ਼ੁਸ਼ੀ ਇਨਸਾਨ ਨੂੰ ਮਿਲਦੀ ਹੈ।
ਯਮਰਾਜ ਲਈ ਦੀਪਕ ਜਲਾਉਣ ਦਾ ਮਹੱਤਵ—–ਯਮਰਾਜ ਨੂੰ ਦੀਪਕ ਜਲਾਉਣ ਦੇ ਕਾਰਨ ਸੰਬੰਧੀ ਅਸੀਂ ਦੱਸਿਆ ਹੈ ਕਿ ਇਸ ਨਾਲ ਅਕਾਲ ਮ੍ਰਿਤੂ ਤੋਂ ਬਚਾਅ ਹੁੰਦਾ ਹੈ। ਅਕਾਲ ਮ੍ਰਿਤੂ ਉਹ ਹੁੰਦੀ ਹੈ ਜਦ ਕੋਈ ਇਨਸਾਨ ਕਾਲ ਯਾਨੀ ਸਮੇਂ ਤੋਂ ਪਹਿਲਾਂ ਇਸ ਦੁਨੀਆਂ ਤੋਂ ਚਲਾ ਜਾਵੇ। ਪੰਜਾਬੀ ਵਿਚ ਇਸ ਦੇ ਲਈ ਸ਼ਬਦ ਅਣ-ਆਈ ਮੌਤ ਵੀ ਵਰਤਿਆ ਜਾਂਦਾ ਹੈ। ਉਦਾਹਰਣ ਵਜੋਂ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਅਕਾਲ ਮ੍ਰਿਤੂ ਹੈ। ਇਕ ਧਾਰਮਿਕ ਕਥਾ ਅਨੁਸਾਰ ਇਹ ਸਵਾਲ ਯਮਦੂਤਾਂ ਨੇ ਯਮਰਾਜ ਤੋਂ ਪੁੱਛਿਆ ਸੀ ਕਿ ਅਕਾਲ ਮ੍ਰਿਤੂ ਤੋਂ ਬਚਣ ਦਾ ਤਰੀਕਾ ਕੀ ਹੈ। ਇਸ ਦੇ ਜਵਾਬ ਵਿਚ ਯਮਰਾਜ ਨੇ ਦੱਸਿਆ ਕਿ ਧਨਤੇਰਸ ਦੇ ਦਿਨ ਵਿਧੀ ਵਿਧਾਨ ਨਾਲ ਮੈਨੂੰ ਦੀਪਕ ਦਾਨ ਕਰਨ ਨਾਲ ਅਕਾਲ ਮੌਤ ਤੋਂ ਛੁਟਕਾਰਾ ਮਿਲਦਾ ਹੈ।