ਬਜ਼ੁਰਗ ਮਾਂ ’ਤੇ ਬੇਰਹਿਮੀ ਨਾਲ ਤਸ਼ੱਦਦ ਕਰਨ ਦੇ ਮਾਮਲੇ ‘ਚ ਜੇਲ ’ਚ ਬੰਦ ਵਕੀਲ ਅੰਕੁਰ ਵਰਮਾ ਦੀ ਅਧਿਆਪਕ ਪਤਨੀ ਸੁਧਾ ਵਰਮਾ ਨੂੰ ਸਿੱਖਿਆ ਵਿਭਾਗ ’ਚੋਂ ਮੁਅੱਤਲ ਕਰ ਦਿਤਾ ਗਿਆ ਹੈ।ਦੱਸ ਦੇਈਏ ਕਿ ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ ਦੀ ਕੋਠੀ ਨੰਬਰ 478 ‘ਚ ਕੁੱਝ ਸਮੇਂ ਤੋਂ ਨਾਮੀ ਵਕੀਲ ਅੰਕੁਰ ਵਰਮਾ ਵਲੋਂ ਅਪਣੀ ਅਧਰੰਗ ਦੀ ਮਰੀਜ਼ ਬਜ਼ੁਰਗ ਮਾਂ ’ਤੇ ਤਸ਼ੱਦਦ ਦੀਆਂ ਵੀਡੀਉਜ਼ ਵਾਇਰਲ ਹੋਈਆਂ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੈਡਮ ਸ਼ਾਲੂ ਮਹਿਰਾ ਨੇ ਦਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪੁਲਿਸ ਲਾਈਨ ਰੂਪਨਗਰ ‘ਚ ਸੇਵਾ ਨਿਭਾ ਰਹੀ ਅਧਿਆਪਕਾ ਸੁਧਾ ਵਰਮਾ ਨੂੰ ਨੌਕਰੀ ਤੋਂ ਗ਼ੈਰ ਹਾਜ਼ਰ ਰਹਿਣ ਅਤੇ ਪੁਲਿਸ ਕਾਰਵਾਈ ਕਾਰਨ ਮੁਅੱਤਲ ਕੀਤਾ ਗਿਆ ਹੈ।
ਵਾਇਰਲ ਹੋਏ ਵੀਡੀਉ ਵਿਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਵੇਂ ਵਕੀਲ ਅੰਕੁਰ ਵਰਮਾ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਤਿੰਨੇ ਬਜ਼ੁਗਰ ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਇਸ ਮਾਮਲੇ ਵਿਚ ਬਾਰ ਐਸੋਸੀਏਸ਼ਨ ਨੇ ਵੀ ਕਾਰਵਾਈ ਕਰਦਿਆਂ ਅੰਕੁਰ ਵਰਮਾ ਦੀ ਮੈਂਬਰਸ਼ਿਪ ਰੱਦ ਕਰ ਦਿਤੀ ਹੈ।
ਆਪਣੀ ਮਾਂ ਦੇ ਨਾਂ ‘ਤੇ ਪਿਤਾ ਵੱਲੋਂ ਕੀਤੀ 15 ਲੱਖ ਰੁਪਏ ਦੀ ਐੱਫ.ਡੀ ਹੜੱਪਣ ਲਈ ਆਪਣੀ ਮਾਂ ‘ਤੇ ਤਸ਼ੱਦਦ ਕਰਦਾ ਸੀ। ਇਸ ਗੱਲ ਦਾ ਖੁਲਾਸਾ ਪੁਲਿਸ ਨੇ ਅੰਕੁਰ ਵਰਮਾ ਦੇ ਰਿਮਾਂਡ ਦੌਰਾਨ ਕੀਤਾ ਹੈ। ਪੁਲਿਸ ਨੇ ਹੁਣ ਇਹ ਐਫ.ਡੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਕੀਲ ਅਕੁਰ ਵਰਮਾ ਆਪਣੀ ਸੇਵਾਮੁਕਤ ਪ੍ਰੋਫੈਸਰ ਮਾਂ ਆਸ਼ਾ ਰਾਣੀ ਦਾ ਏਟੀਐਮ ਵੀ ਆਪਣੇ ਕੋਲ ਰੱਖਦਾ ਸੀ ਅਤੇ ਉਸ ਦੀ ਪੈਨਸ਼ਨ ਵੀ ਕਢਵਾਉਂਦਾ ਸੀ।
ਅੰਕੁਰ ਵਰਮਾ ਦੀ ਪਤਨੀ ਸੁਧਾ ਵਰਮਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਦੇ ਹੁਕਮਾਂ ਕਾਰਨ ਘਰ ਵਿੱਚੋਂ 10 ਲੱਖ ਅਤੇ 5 ਲੱਖ ਰੁਪਏ ਦੀਆਂ ਦੋ ਐਫਡੀਜ਼ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂਕਿ ਪੁਲਿਸ ਮਾਂ ਦੇ ਨਾਂ ’ਤੇ ਦਰਜ ਜਾਇਦਾਦ ਦੀ ਵੀ ਜਾਂਚ ਕਰ ਰਹੀ ਹੈ ਜੋ ਵਕੀਲ ਨੇ ਆਪਣੇ ਨਾਂ ’ਤੇ ਕਰਵਾਈ ਹੈ। ਰੋਪੜ ਦੀ ਅਦਾਲਤ ਨੇ ਵਕੀਲ ਅੰਕੁਰ ਵਰਮਾ ਅਤੇ ਉਸ ਦੀ ਪਤਨੀ ਸੁਧਾ ਵਰਮਾ ਨੂੰ 10 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਡਵੋਕੇਟ ਅੰਕੁਰ ਵਰਮਾ ਹੁਣ ਆਪਣੀ ਗਲਤੀ ਲਈ ਮੁਆਫ਼ੀ ਮੰਗ ਰਹੇ ਹਨ।