ਕੈਨੇਡਾ ਜਾਣ ਦੇ 4 ਦਿਨ ਬਾਅਦ ਹੀ ਪਿੰਡ ਨੌਲੀ ਦੇ ਰਹਿਣ ਵਾਲੇ ਗਗਨਦੀਪ ਗਿੱਲ ਦੀ ਅਚਾਨਕ ਮੌਤ ਹੋ ਗਈ ਸੀ। ਹੁਣ 17 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪਿੰਡ ਨੌਲੀ ਪਹੁੰਚੀ। ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਅਤੇ ਹੋਰ ਸਕੇ-ਸਬੰਧੀਆਂ ਦੀ ਹਾਜ਼ਰੀ ’ਚ ਗਗਨਦੀਪ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਸ ਦੀ ਮ੍ਰਿਤਕ ਦੇਹ ਨੂੰ ਅਗਨੀ ਪਿਤਾ ਮੋਹਣ ਲਾਲ ਨੇ ਵਿਖਾਈ। ਗਗਨਦੀਪ ਉਰਫ਼ ਗੱਗੂ ਦੀ ਮੌਤ ਦਾ ਰਹੱਸ ਅਜੇ ਵੀ ਬਣਿਆ ਹੋਇਆ ਹੈ।
ਗਗਨਦੀਪ ਦੀ ਮ੍ਰਿਤਕ ਦੇਹ ਲੈ ਕੇ ਦਿੱਲੀ ਤੋਂ ਐਬੂਲੈਂਸ ਜਿਓਂ ਹੀ ਪਿੰਡ ਨੌਲੀ ਪਹੁੰਚੀ ਤਾਂ ਪਹਿਲਾਂ ਤੋਂ ਹੀ ਇੰਤਜ਼ਾਰ ’ਚ ਬੈਠੇ ਰਿਸ਼ਤੇਦਾਰ ਅਤੇ ਹੋਰ ਸਕੇ ਸਬੰਧੀ ਉੱਚੀ-ਉੱਚੀ ਰੋਣ ਲੱਗ ਪਏ।ਗਗਨਦੀਪ ਦੀ ਮਾਤਾ ਸੀਮਾ ਅਤੇ ਭੈਣ ਹਿਨਾ ਗਿੱਲ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਪੀੜਤ ਪਰਿਵਾਰ ਪਿਛਲੇ 17 ਦਿਨਾਂ ਤੋਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ।
ਕੈਨੇਡਾ ’ਚ ਹੋਏ ਪੋਸਟਮਾਰਟਮ ਦੀ ਰਿਪੋਰਟ ਅਜੇ ਵੀ ਵਿਚਾਰ ਅਧੀਨ ਦੱਸੀ ਜਾ ਰਹੀ ਹੈ। ਕੈਨੇਡਾ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਗਗਨਦੀਪ ਦੀ ਮੌਤ ਨਾ ਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਅਤੇ ਨਾ ਹੀ ਮੌਤ ਦਾ ਕਾਰਨ ‘ਬਲੱਡ ਕਲੌਟ’ ਸੀ। ਰਿਪੋਰਟ ਅਨੁਸਾਰ ਅਜੇ ਮੌਤ ਦੇ ਕਾਰਨਾਂ ਦੀ ਅਸਲ ਵਜ੍ਹਾ ਪਤਾ ਨਹੀਂ ਲੱਗੀ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣ ਲਈ ਅਜੇ ਹੋਰ ਕੁਝ ਹਫ਼ਤੇ ਲੱਗ ਸਕਦੇ ਹਨ।ਗਗਨਦੀਪ ਗਿੱਲ ਉਰਫ਼ ਗੱਗੂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਮੋਹਰੀ ਭੂਮਿਕਾ ਨਿਭਾਈ ਸੀ।
ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਅਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਰਾਬਤਾ ਕਾਇਮ ਰੱਖਦਿਆ ਹੀ ਗਗਨਦੀਪ ਦੀ ਘਰ ਵਾਪਸੀ ਸੰਭਵ ਹੋ ਸਕੀ। ਮ੍ਰਿਤਕ ਗਗਨਦੀਪ ਦੀ ਪਤਨੀ ਸ਼ੰਮੀ ਨੇ ਵੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਸ਼ੋਸ਼ਲ ਮੀਡੀਆ ਰਾਹੀ ਕੈਨੇਡਾ ’ਚ ‘ਗੋ-ਫੰਡ’ ਰਾਹੀ 30 ਹਾਜ਼ਰ ਡਾਲਰ ਦਾ ਫੰਡ ਇੱਕਠਾ ਕਰਨ ਦਾ ਟੀਚਾ ਰੱਖਿਆ ਸੀ, ਜਿਸ ’ਚ ਪ੍ਰਵਾਸੀ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਸੀ।