ਅਸੀਂ ਚਾਹੇ ਕੋਈ ਵੀ ਹੋਈਏ ਅਤੇ ਕਿਤੇ ਵੀ ਰਹਿੰਦੇ ਹੋਈਏ, ਸਾਨੂੰ ਸਾਰਿਆਂ ਨੂੰ ਕਿਸੇ-ਨਾ-ਕਿਸੇ ਵੇਲੇ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਹਿਣਾ ਪੈਂਦਾ ਹੈ। ਇਸ ਵਿਛੋੜੇ ਕਾਰਨ ਸ਼ਾਇਦ ਸਾਡੇ ਮਨ ਵਿਚ ਅਜਿਹੇ ਸਵਾਲ ਖੜ੍ਹੇ ਹੋਏ ਹੋਣ: ‘ਅਸੀਂ ਕਿਉਂ ਮਰਦੇ ਹਾਂ? ਮਰਨ ਤੋਂ ਬਾਅਦ ਕੀ ਹੁੰਦਾ ਹੈ?’ ਹਜ਼ਾਰਾਂ ਸਾਲਾਂ ਤੋਂ ਲੋਕ ਇਹ ਸਵਾਲ ਪੁੱਛਦੇ ਆਏ ਹਨ। ਇਹ ਬਹੁਤ ਹੀ ਅਹਿਮ ਸਵਾਲ ਹਨ ਜਿਨ੍ਹਾਂ ਦੇ ਜਵਾਬ ਪਾਉਣੇ ਜ਼ਰੂਰੀ ਹਨ।
ਜਦ ਸਾਡਾ ਕੋਈ ਅਜ਼ੀਜ਼ ਮਰ ਜਾਂਦਾ ਹੈ, ਤਾਂ ਅਸੀਂ ਅੰਦਰੋਂ ਟੁੱਟ ਜਾਂਦੇ ਹਾਂ। ਸਾਡੇ ਮਨ ਵਿਚ ਸ਼ਾਇਦ ਢੇਰ ਸਾਰੇ ਸਵਾਲ ਖੜ੍ਹੇ ਹੁੰਦੇ ਹਨ: ‘ਸਾਡਾ ਵਿਛੜਿਆ ਅਜ਼ੀਜ਼ ਹੁਣ ਕਿੱਥੇ ਹੈ? ਕੀ ਉਹ ਦੁੱਖ ਝੱਲ ਰਿਹਾ ਹੈ? ਕੀ ਉਸ ਨੂੰ ਸਾਡੀ ਮਦਦ ਦੀ ਲੋੜ ਹੈ? ਕੀ ਅਸੀਂ ਉਸ ਨੂੰ ਕਦੀ ਦੁਬਾਰਾ ਦੇਖਾਂਗੇ?’ ਦੁਨੀਆਂ ਦੇ ਗੁਰੂ ਤੇ ਪਾਦਰੀ ਇਨ੍ਹਾਂ ਸਵਾਲਾਂ ਦੇ ਵੱਖੋ-ਵੱਖਰੇ ਜਵਾਬ ਦਿੰਦੇ ਹਨ। ਕੁਝ ਇਹ ਕਹਿੰਦੇ ਹਨ ਕਿ ਜੇ ਤੁਹਾਡੇ ਅਜ਼ੀਜ਼ ਨੇ ਜ਼ਿੰਦਗੀ ਵਿਚ ਚੰਗੇ ਕੰਮ ਕੀਤੇ ਸਨ, ਤਾਂ ਉਸ ਨੂੰ ਸਵਰਗ ਨਸੀਬ ਹੋਵੇਗਾ,
ਪਰ ਜੇ ਉਸ ਨੇ ਮਾੜੇ ਕੰਮ ਕੀਤੇ ਸਨ, ਤਾਂ ਉਸ ਨੂੰ ਨਰਕ ਵਿਚ ਤਸੀਹੇ ਭੋਗਣੇ ਪੈਣਗੇ। ਹੋਰ ਧਰਮ ਇਹ ਸਿਖਾਉਂਦੇ ਹਨ ਕਿ ਮਰਨ ਤੋਂ ਬਾਅਦ ਇਨਸਾਨ ਦੀ ਆਤਮਾ ਆਪਣੇ ਪੂਰਵਜਾਂ ਦੀਆਂ ਆਤਮਾਵਾਂ ਨਾਲ ਜਾ ਮਿਲਦੀ ਹੈ ਜਾਂ ਫਿਰ ਉਹ ਆਪਣੇ ਅਜ਼ੀਜ਼ਾਂ ਦੀ ਰੱਖਿਆ ਕਰਦੀ ਹੈ। ਕੁਝ ਧਰਮ ਸਿਖਾਉਂਦੇ ਹਨ ਕਿ ਮਰਨ ਤੋਂ ਬਾਅਦ ਲੋਕ ਵੱਖ-ਵੱਖ ਜੂਨਾਂ ਵਿਚ ਪੈ ਜਾਂਦੇ ਹਨ।
ਇਨ੍ਹਾਂ ਸਾਰੇ ਧਰਮਾਂ ਦੀਆਂ ਸਿੱਖਿਆਵਾਂ ਵਿਚ ਇਕ ਗੱਲ ਰਲਦੀ-ਮਿਲਦੀ ਹੈ ਕਿ ਮਰਨ ਤੋਂ ਬਾਅਦ ਇਨਸਾਨ ਦੇ ਅੰਦਰੋਂ ਕੋਈ ਚੀਜ਼ ਨਿਕਲਦੀ ਹੈ ਜੋ ਅਮਰ ਰਹਿੰਦੀ ਹੈ। ਲੋਕ ਇਸ ਨੂੰ ਆਤਮਾ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਇਹ ਆਤਮਾ ਦੇਖਣ, ਸੁਣਨ ਅਤੇ ਸੋਚਣ ਦੀ ਯੋਗਤਾ ਰੱਖਦੀ ਹੈ। ਪਰ ਇਹ ਗੱਲ ਸੱਚ ਨਹੀਂ ਹੈ। ਇਹ ਸਭ ਯੋਗਤਾਵਾਂ ਤਾਂ ਹੀ ਕੰਮ ਕਰਦੀਆਂ ਹਨ ਜੇ ਸਾਡਾ ਦਿਮਾਗ਼ ਚੱਲਦਾ ਰਹੇ। ਪਰ ਮੌਤ ਹੋਣ ਤੇ ਸਾਡਾ ਸਭ ਕੁਝ, ਇੱਥੋਂ ਤਕ ਕਿ ਸਾਡਾ ਦਿਮਾਗ਼ ਵੀ ਕੰਮ ਕਰਨ ਤੋਂ ਰਹਿ ਜਾਂਦਾ ਹੈ।