ਇਸ਼ਨਾਨ ਕਰਨ ਦਾ ਸਹੀ ਤਰੀਕਾ ਸੁਣੋ


ਸਿੱਖ-ਧਰਮ ਸਾਧਨਾ ਵਿਚ ਇਸ਼ਨਾਨ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਅੰਮ੍ਰਿਤਸਰ ਦਾ ਇਸ਼ਨਾਨ ਵਿਸ਼ੇਸ਼ ਰੂਪ ਵਿਚ ਚਰਚਿਤ ਹੈ। ਇਸ਼ਨਾਨ ਦੀ ਸੁਵਿਧਾ ਦੇ ਉਦੇਸ਼ ਤੋਂ ਗੁਰੂ-ਧਾਮਾਂ ਅਤੇ ਧਰਮ-ਧਾਮਾਂ ਉਤੇ ਵਿਸ਼ੇਸ਼ ਰੂਪ ਵਿਚ ਸਰੋਵਰ ਬਣਾਏ ਗਏ ਹਨ। ਗੁਰੂ ਰਾਮਦਾਸ ਜੀ ਨੇ ‘ਗਉੜੀ ਕੀ ਵਾਰ ’ ਵਿਚ ਕਿਹਾ ਹੈ ਕਿ ਜੋ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਣ ਦਾ ਗੌਰਵ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਨੂੰ ਸਵੇਰੇ ਉਠ ਕੇ ਹਰਿ-ਨਾਮ ਦੀ ਆਰਾਧਨਾ ਕਰਨੀ ਚਾਹੀਦੀ ਹੈ। ਉਸ ਨੂੰ ਪ੍ਰਭਾਵ ਵੇਲੇ ਉਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਅੰਮ੍ਰਿਤਸਰ ਵਿਚ ਜਾ ਕੇ ਇਸ਼ਨਾਨ ਕਰਨ ਦਾ ਉਦਮ ਕਰਨਾ ਚਾਹੀਦਾ ਹੈ

— ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ। ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ। (ਗੁ.ਗ੍ਰੰ.305)। ਭਾਈ ਗੁਰਦਾਸ ਨੇ ਸਿੱਖ ਦੇ ਨਿੱਤ-ਕਰਮ ਵਿਚ ਇਸ਼ਨਾਨ ਦੇ ਮਹੱਤਵ ਦੀ ਸਥਾਪਨਾ ਕੀਤੀ ਹੈ — ਅੰਮ੍ਰਿਤੁ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਇ ਨ੍ਹਵੰਦੇ। ਸਹਿਜ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪ ਜਪੰਦੇ। (6/3) ਧਿਆਨ-ਯੋਗ ਗੱਲ ਇਹ ਹੈ ਕਿ ਗੁਰਬਾਣੀ ਕੇਵਲ ਇਸ਼ਨਾਨ ਕਰਨ ਨਾਲ ਸੁੱਚੇ ਜਾਂ ਪਵਿੱਤਰ ਹੋ ਜਾਣ ਦੀ ਗੱਲ ਨੂੰ ਸਵੀਕਾਰ ਨਹੀਂ ਕਰਦੀ।

ਸੱਚੀ ਸੁਚਮਤਾ ਤਾਂ ਤਦ ਪ੍ਰਾਪਤ ਹੁੰਦੀ ਹੈ ਜੇ ਸੱਚੇ ਪਰਮਾਤਮਾ ਨੂੰ ਹਿਰਦੇ ਦੇ ਅੰਦਰ ਵਸਾਇਆ ਜਾਏ — ਸੂਚੇ ਇਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ। ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ। (ਗੁ.ਗ੍ਰੰ.472)। ਕਿਉਂਕਿ ਅੰਦਰ ਦੀ ਸਥਿਤੀ ਵਿਚ ਤਦ ਹੀ ਸੁਧਾਰ ਹੋਵੇਗਾ ਜੇ ਬ੍ਰਹਮ-ਗਿਆਨ ਦੇ ਮਹਾਰਸ ਵਿਚ ਲੀਨ ਹੋਇਆ ਜਾਏ— ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ। ਗਿਆਨਿ ਮਹਾਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ। (ਗੁ.ਗ੍ਰੰ.637)। ਅਸਲ ਵਿਚ ਉਹੀ ਨਹਾਇਆ ਹੋਇਆ ਪ੍ਰਵਾਨ ਚੜ੍ਹਦਾ ਹੈ ਜੋ ਸੱਚੇ ਨਾਮ ਦੀ ਆਰਾਧਨਾ ਨਾਲ ਸੰਯੁਕਤ ਹੁੰਦਾ ਹੈ — ਨਾਤਾ ਸੋ ਪਰਵਾਣੁ ਸਚੁ ਕਮਾਈਐ। (ਗੁ.ਗ੍ਰੰ.565)।

Leave a comment

Your email address will not be published. Required fields are marked *