ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪਿਛਲੇ ਕਈ ਦਿਨਾਂ ਤੋਂ ਹਵਾ ਲਗਭਗ ਨਾਮਾਤਰ ਚੱਲ ਰਹੀ ਹੈ, ਜਿਸ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ। ਬੀਤੇ ਦਿਨ ਹਵਾ ਦੀ ਰਫ਼ਤਾਰ 3 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਦਰਜ ਕੀਤੀ ਗਈ, ਜਿਸ ਨੂੰ ਆਮ ਨਾਲੋਂ ਘੱਟ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਵਾ ਦੀ ਰਫ਼ਤਾਰ ਤੇਜ਼ ਹੋਣ ਕਾਰਨ ਗਰਮੀ ਦਾ ਪ੍ਰਭਾਵ ਘਟ ਜਾਂਦਾ ਹੈ। ਜਦੋਂ ਵੀ ਹਵਾ ਦੀ ਰਫ਼ਤਾਰ ਰੁਕ ਜਾਂਦੀ ਹੈ ਤਾਂ ਤਾਪਮਾਨ 1 ਡਿਗਰੀ ਵਧ ਜਾਂਦਾ ਹੈ। ਸਵੇਰੇ ਬੱਦਲਵਾਈ ਹੋਣ ਕਾਰਨ ਤੇਜ਼ ਧੁੱਪ ਤੋਂ ਕੁਝ ਰਾਹਤ ਮਿਲੀ ਪਰ ਇਹ ਰਾਹਤ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ। ਦੁਪਹਿਰ ਦੇ ਸਮੇਂ ਬੱਦਲਾਂ ਦੀ ਲੁਕਣਮੀਟੀ ਸ਼ੁਰੂ ਹੋ ਗਈ ਅਤੇ ਧੁੱਪ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ। ਸ਼ਾਮ ਦੇ ਸਮੇਂ ਅਜਿਹਾ ਜਾਪ ਰਿਹਾ ਸੀ ਕਿ ਬਾਰਿਸ਼ ਪਵੇਗੀ ਪਰ ਅਜਿਹਾ ਨਹੀਂ ਹੋਇਆ।

55 ਐੱਮ. ਐੱਮ. ਬਾਰਿਸ਼ ਹੋਣ ਨਾਲ ਬੀਤੇ ਦਿਨੀਂ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਮਿਲੀ ਸੀ ਪਰ ਐਤਵਾਰ ਸਵੇਰ ਤੋਂ ਹੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਐਤਵਾਰ ਤਾਪਮਾਨ ਵਿਚ 4 ਡਿਗਰੀ ਵਾਧਾ ਦਰਜ ਕੀਤਾ ਗਿਆ ਅਤੇ ਨਮੀ ਦੇ ਪ੍ਰਭਾਵ ਨਾਲ ਕੜਕਦੀ ਗਰਮੀ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ। ਵੱਧ ਤੋਂ ਵੱਧ ਤਾਪਮਾਨ 33-34 ਡਿਗਰੀ ਦੇ ਨੇੜੇ-ਤੇੜੇ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 28 ਡਿਗਰੀ ਰਿਹਾ। ਨਮੀ ਕਾਰਨ ਘੱਟੋ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਅੰਤਰ ਘਟ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਸੁੱਕੀ ਪਈ ਜ਼ਮੀਨ ਨੂੰ ਬਰਸਾਤੀ ਪਾਣੀ ਮਿਲਣ ਕਾਰਨ ਨਮੀ ਵਧ ਰਹੀ ਹੈ, ਜੋਕਿ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਕਰ ਰਹੀ ਹੈ।

ਗਰਮੀ ਤੋਂ ਪ੍ਰਭਾਵਿਤ ਲੋਕ ਛੁੱਟੀ ਦੇ ਬਾਵਜੂਦ ਘਰਾਂ ’ਚ ਹੀ ਵੜੇ ਰਹੇ। ਸ਼ਾਮ ਨੂੰ ਲੋਕ ਘਰਾਂ ਵਿਚੋਂ ਬਾਹਰ ਆਉਣ ਲੱਗੇ ਪਰ ਚੌਪਾਟੀ ਆਦਿ ’ਤੇ ਰੋਜ਼ਾਨਾ ਦੇ ਮੁਕਾਬਲੇ ਘੱਟ ਭੀੜ ਵੇਖਣ ਨੂੰ ਮਿਲੀ। ਬਾਰਿਸ਼ ਦੌਰਾਨ ਮਿਲੀ ਰਾਹਤ ਖ਼ਤਮ ਹੋ ਚੁੱਕੀ ਹੈ ਪਰ ਇਸ ਦੇ ਉਲਟ ਨਮੀ ਵਧ ਗਈ ਹੈ। ਮੌਸਮ ਦੇ ਅਗਾਊਂ ਅਨੁਮਾਨ ਮੁਤਾਬਕ ਸੋਮਵਾਰ ਨੂੰ ਤਾਪਮਾਨ ਵਧੇਗਾ ਅਤੇ ਗਰਮੀ ਆਪਣਾ ਜ਼ੋਰ ਵਿਖਾਏਗੀ। ਪਿਛਲੇ ਦਿਨੀਂ ਤਾਪਮਾਨ 35 ਡਿਗਰੀ ਤੋਂ ਪਾਰ ਚਲਾ ਗਿਆ ਸੀ ਪਰ ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਤਾਪਮਾਨ 9 ਡਿਗਰੀ ਘਟ ਗਿਆ ਸੀ ਪਰ ਅੱਜ ਨਮੀ ਕਾਰਨ ਤਾਪਮਾਨ ਵਿਚ ਵਾਧਾ ਹੋਇਆ ਹੈ। ਆਲਮ ਇਹ ਹੈ ਕਿ ਕੁਝ ਦੇਰ ਬਾਹਰ ਖੜ੍ਹੇ ਰਹਿਣ ’ਤੇ ਪਸੀਨਾ ਆਉਣ ਕਾਰਨ ਹਾਲਤ ਹੋਰ ਖ਼ਰਾਬ ਹੋ ਰਹੀ ਹੈ ਅਤੇ ਗਰਮੀ ਨੂੰ ਸਹਿਣ ਕਰ ਪਾਉਣਾ ਮੁਸ਼ਕਿਲ ਹੋ ਰਿਹਾ ਹੈ। ਸ਼ਨੀਵਾਰ ਨੂੰ ਇਸ ਸੀਜ਼ਨ ਵਿਚ ਸਭ ਤੋਂ ਵੱਧ ਬਾਰਿਸ਼ ਹੋਈ ਹੈ, ਜਦਕਿ ਖੁੱਲ੍ਹ ਕੇ ਬਾਰਿਸ਼ ਹੋਣੀ ਅਜੇ ਬਾਕੀ ਹੈ। ਵੇਖਣਾ ਹੋਵੇਗਾ ਕਿ ਬਾਰਿਸ਼ ਕਦੋਂ ਆਪਣਾ ਜ਼ੋਰ ਵਿਖਾਵੇਗੀ।

Leave a comment

Your email address will not be published. Required fields are marked *