Chandigarh ਆਉਣ ਵਾਲੇ ਸਾਵਧਾਨ ਕਿਉਂਕਿ..

ਦਿੱਲੀ, ਸ਼ਿਮਲਾ ਤੇ ਪਟਿਆਲਾ ਰੋਡ ਵੱਲੋਂ ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। ਹੁਣ ਸੜਕਾਂ ਉੱਪਰ ਲੰਬੇ ਜਾਮ ਨਹੀਂ ਲੱਗਣਗੇ ਕਿਉਂਕਿ ਸ਼ਹਿਰ ਵਿੱਚੋਂ ਆਵਾਜਾਈ ਦੀ ਸਮੱਸਿਆ ਦਾ ਸੁਚਾਰੂ ਹੱਲ ਕੱਢਣ ਲਈ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਤੱਕ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਮੁੱਖ ਸੜਕ ਦੇ ਨਾਲ ਲੱਗਦੀ ਸਰਵਿਸ ਲੇਨ ਤੇ ਸਾਈਕਲ ਟਰੈਕ ਨੂੰ ਵੀ ਚੌੜਾ ਕੀਤਾ ਜਾਵੇਗਾ।

ਹਾਸਲ ਜਾਣਕਾਰੀ ਮੁਤਾਬਕ ਇਸ ਲਈ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਟੈਂਡਰ ਵੀ ਜਾਰੀ ਕਰ ਦਿੱਤੇ ਹਨ, ਜਿਸ ਦਾ ਕੰਮ ਅਗਲੇ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਰਵਿਸ ਲੇਨ ’ਤੇ ਸਿਰਫ ਦੋ-ਪਹੀਆ ਵਾਹਨ ਜਾਂ ਐਮਰਜੈਂਸੀ ਵਾਹਨ ਚੱਲ ਸਕਦੇ ਹਨ।ਇੰਜਨੀਅਰਿੰਗ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੱਲੋਮਾਜਰਾ ਤੋਂ ਜ਼ੀਰਕਪੁਰ ਤੱਕ ਚਾਰ ਕਿਲੋਮੀਟਰ ਸੜਕ ਦੀ ਕੁੱਲ ਚੌੜਾਈ 150 ਫੁੱਟ ਹੈ, ਜਿਸ ਨੂੰ ਵਧਾ ਕੇ 200 ਫੁੱਟ ਕੀਤਾ ਜਾਵੇਗਾ। ਇਸੇ ਤਰ੍ਹਾਂ ਹੱਲੋਮਾਜਰਾ ਚੌਕ ਤੋਂ ਜ਼ੀਰਕਪੁਰ ਤੱਕ ਮੁੱਖ ਸੜਕ ਦੇ ਨਾਲ ਬਣੀ ਸਰਵਿਸ ਲੇਨ ਦੀ ਚੌੜਾਈ 16 ਫੁੱਟ ਤੋਂ ਵਧਾ ਕੇ 24 ਫੁੱਟ ਕੀਤੀ ਜਾਵੇਗੀ।

ਯੂਟੀ ਪ੍ਰਸ਼ਾਸਨ ਵੱਲੋਂ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਦੀ ਹੱਦ ਤੱਕ ਸੜਕ ਦੇ ਦੋਵੇਂ ਪਾਸੇ ਅੱਠ ਫੁੱਟ ਚੌੜਾ ਸਾਈਕਲ ਟਰੈਕ ਬਣਾਇਆ ਜਾਵੇਗਾ। ਸੜਕ ਨੂੰ ਚੌੜਾ ਕਰਨ ਦੇ ਕੰਮ ’ਤੇ 9.50 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਇਸ ਕੰਮ ਨੂੰ ਨੌਂ ਮਹੀਨਿਆਂ ’ਚ ਪੂਰਾ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਹੱਲੋਮਾਜਰਾ ਤੋਂ ਜ਼ੀਰਕਪੁਰ ਤੱਕ ਸਰਵਿਸ ਲੇਨ ਨੂੰ ਚੌੜਾ ਕਰਨ ਤੇ ਸਾਈਕਲ ਟਰੈਕ ਬਣਾਉਣ ਲਈ ਸੜਕ ਦੇ ਦੋਵੇਂ ਪਾਸੇ ਤੋਂ ਕੁਝ ਦਰੱਖਤ ਹਟਾ ਦਿੱਤੇ ਹਨ।

ਦੱਸ ਦਈਏ ਕਿ ਕਿ ਸ਼ਹਿਰ ’ਚ ਸਵੇਰ ਤੇ ਸ਼ਾਮ ਸਮੇਂ ਰੋਜ਼ਾਨਾ ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਸੜਕ ’ਤੇ ਵਾਹਨਾਂ ਦੀ ਭਾਰੀ ਭੀੜ ਰਹਿੰਦੀ ਹੈ, ਜਿਸ ਕਰ ਕੇ ਲੋਕਾਂ ਨੂੰ ਆਉਣ-ਜਾਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਚਾਰ ਕਿਲੋਮੀਟਰ ਦੇ ਪੈਂਡੇ ਨੂੰ ਤੈਅ ਕਰਨ ’ਚ 30 ਮਿੰਟ ਤੱਕ ਦਾ ਸਮਾਂ ਲੱਗ ਜਾਂਦਾ ਹੈ।ਚੰਡੀਗੜ੍ਹ ਦੇ ਵਸਨੀਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਟ੍ਰਿਬਿਊਨ ਚੌਕ ਤੋਂ ਜ਼ੀਰਕਪੁਰ ਤੱਕ ਲੱਗਣ ਵਾਲੇ ਜਾਮ ਨੂੰ ਘਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਮੰਗ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਸੜਕ ਨੂੰ ਚੌੜਾ ਕਰਨ ਦਾ ਫੈਸਲਾ ਲਿਆ ਹੈ।

Leave a comment

Your email address will not be published. Required fields are marked *