ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੇ ਨਵੇਂ ਜਥੇਦਾਰ ਨੂੰ ਨਿਯੁਕਤ ਕਰਨ ਦੀਆਂ ਹਰ ਪਾਸੇ ਚਰਵਾਵਾਂ ਹਨ। ਹਾਲਾਕਿ ਸ਼੍ਰੋਮਣੀ ਕਮੇਟੀ ਇਸ ਪ੍ਰਤੀ ਫੈਸਲਾ ਲੈਣ ਲਈ ਤਤਪਰ ਹੈ ਪਰ ਇਸ ਉੱਪਰ ਸ਼੍ਰੋਮਣੀ ਕਮੇਟੀ ਦਾ ਅਧਿਕਾਰਤ ਤੌਰ ‘ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਸ ਵਿਚਾਲੇ ਅਕਾਲੀ ਦਲ ਵੀ ਸਿੱਧੇ ਤੌਰ ‘ਤੇ ਕੁੱਝ ਵੀ ਨਹੀਂ ਕਹਿ ਰਿਹਾ ਤੇ ਇਹੀ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਫੈਸਲਾ ਅੰਤਮ ਹੁੰਦਾ ਹੈ ਤੇ ਇਸ ਪ੍ਰਤੀ ਸਾਰੇ ਹੱਕ ਵੀ ਐਸਜੀਪੀਸੀ ਦੇ ਕੋਲ ਹਨ।ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦੀ ਮੰਗਣੀ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚਰਚਾ ਵਿੱਚ ਆਏ। ਅਕਾਲੀ ਦਲ ਵੱਲੋਂ ਇਸ ਉੱਤੇ ਇਸ ਦਾ ਇਤਰਾਜ਼ ਵੀ ਜਤਾਇਆ ਗਿਆ ਪਰ Abp sanjha ਨੂੰ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਤੇ ਜਥੇਦਾਰ ਵਿਚਾਲੇ ਚੱਲ ਰਹੀ ਕੁੜੱਤਨ ਵਿਚ ਰਾਘਵ ਚੱਢਾ ਦੀ ਮੰਗਣੀ ਇਕ ਬਹਾਨੇ ਦਾ ਰੂਪ ਧਾਰ ਗਈ ਹੈ। ਬੀਤੇ ਇੱਕ ਸਾਲ ਤੋਂ ਅਕਾਲੀ ਦਲ ਨਾਲ ਜਥੇਦਾਰ ਦੇ ਸੰਬੰਧ ਕੋਈ ਚੰਗੇ ਨਹੀਂ ਸਨ।
ਪੰਥਕ ਸਟੇਜਾਂ ਤੋਂ ਸ਼ਰੇਆਮ ਅਕਾਲੀ ਦਲ ਨੂੰ ਸਰਮਾਏਦਾਰਾਂ ਦੀ ਪਾਰਟੀ ਤੇ ਅਕਾਲੀ ਦਲ ਦਾ ਅਸਲ ਵਜੂਦ ਖ਼ਤਮ ਹੋਣ ਦੇ ਬਿਆਨ ਦੇਣ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਟਾਰਗੇਟ ‘ਤੇ ਸਨ ਪਰ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਜਾਣੇ-ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਮੁਆਫ਼ੀ ਦਵਾਉਣ ਲਈ ਗਿਆਨੀ ਹਰਪ੍ਰੀਤ ਸਿੰਘ ਉੱਤੇ ਜ਼ੋਰ ਪਾਇਆ ਜਾ ਰਿਹਾ ਸੀ।ਗਿਆਨੀ ਹਰਪ੍ਰੀਤ ਸਿੰਘ ਦਾ ਤਰਕ ਸੀ ਕਿ ਸੁਖਬੀਰ ਅਸਤੀਫ਼ਾ ਦੇ ਕੇ ਉਹਨਾਂ ਗਲਤੀਆਂ ਬਾਰੇ ਵੀ ਸੰਗਤ ਨੂੰ ਦੱਸਣ ਤੇ ਜੇ ਅਜਿਹਾ ਹੁੰਦਾ ਤਾਂ ਅਕਾਲੀ ਦਲ ਲਈ ਇਕ ਨਵੀਂ ਮੁਸੀਬਤ ਬਣ ਸਕਦੀ ਸੀ। ਜਿਸ ਲਈ ਅਕਾਲੀ ਦਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਸੀ ਕਰਨਾ ਚਾਹੁੰਦਾ।
ਇਸੇ ਵਜ੍ਹਾ ਕਾਰਨ ਜਥੇਦਾਰ ਨੂੰ ਬਦਲਣ ਲਈ ਸ਼ਾਇਦ ਇਹ ਇਕ ਠੀਕ ਸਮਾਂ ਨਹੀਂ ਹੈ। ਦੇਖਣਾ ਇਹ ਵੀ ਹੋਵੇਗਾ ਕਿ ਮਹਿਜ਼ ਤਿੰਨ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਘੱਲੂਘਾਰਾ ਦਿਵਸ ਆ ਰਿਹਾ ਹੈ। ਜਿਸ ਵਿੱਚ ਜਥੇਦਾਰ ਦਾ ਕੌਮ ਪ੍ਰਤੀ ਸੰਦੇਸ਼ ਵੱਡੀ ਪੱਧਰ ਉੱਤੇ ਸੰਗਤ ਇਕੱਠੀ ਹੋ ਕੇ ਸੁਣਦੀ ਹੈ। ਜਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਹੈ ਉਸ ਵਿਚਾਲੇ ਜਥੇਦਾਰ ਦਾ ਕੋਈ ਵੀ ਬਿਆਨ ਅਕਾਲੀ ਦਲ ਲਈ ਨਵੀਂ ਚੁਣੌਤੀ ਖੜ੍ਹੀ ਕਰ ਸਕਦਾ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ਵਾਕਿਆ ਹੀ ਸ਼੍ਰੋਮਣੀ ਕਮੇਟੀ ਜੇ ਇਸ ਪ੍ਰਤੀ ਫੈਸਲਾ ਲੈਂਦੀ ਹੈ ਤਾਂ ਆਉਣ ਵਾਲਾ ਸਮਾਂ ਅਕਾਲੀ ਦਲ ਦੀ ਡੁੱਬਦੀ ਬੇੜੀ ਪਾਰ ਲਾਵੇਗਾ ਜਾ ਪੂਰਨ ਤੌਰ ‘ਤੇ ਡੋਬੇਗਾ।