ਪੰਜਾਬ ’ਚ ਠੰਡ ਨੇ ਫੜਿਆ ਜ਼ੋਰ, ਆਉਂਦੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਕੀਤੀ ਇਹ ਖਤਰਨਾਕ ਭਵਿੱਖਬਾਣੀ ਠੰਡ ਬਾਰੇ ਪੰਜਾਬ ਵਿਚ ਦੀਵਾਲੀ ਤੋਂ ਬਾਅਦ ਅਚਾਨਕ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਹੁਣ ਰਾਤਾਂ ਦੇ ਨਾਲ-ਨਾਲ ਦਿਨ ਦਾ ਤਾਪਮਾਨ ਵੀ ਡਿੱਗਣਾ ਸ਼ੁਰੂ ਗਿਆ ਹੈ।
ਸੋਮਵਾਰ ਨੂੰ ਸੂਬੇ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਜਦਕਿ ਕਈ ਥਾਈਂ ਧੁੰਦ ਕਾਰਣ ਹਾਦਸੇ ਵੀ ਵਾਪਰੇ। ਦਿਨ ਚੜ੍ਹਨ ਦੇ ਨਾਲ-ਨਾਲ ਧੁੰਦ ਦਾ ਅਸਰ ਘਟਦਾ ਰਿਹਾ। ਬੀਤੇ ਦਿਨੀਂ ਲੁਧਿਆਣਾ ਵਿਚ ਰਾਤ ਦਾ ਤਾਪਮਾਨ ਸਭ ਤੋਂ ਘੱਟ ਅਤੇ ਪਟਿਆਲਾ ਵਿਚ ਦਿਨ ਸਮੇਂ ਸਭ ਨਾਲੋਂ ਵੱਧ ਤਾਪਮਾਨ ਰਿਹਾ।
ਲੁਧਿਆਣਾ ਵਿਚ ਘੱਟ ਤੋਂ ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4.7 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਪਟਿਆਲਾ ਵਿਚ ਵੱਧ ਤੋਂ ਵੱਧ ਤਾਪਮਾਨ 29.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿਚ ਘੱਟ ਤੋਂ ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 11.9, ਪਟਿਆਲਾ ਵਿਚ 12, ਬਠਿੰਡਾ ਵਿਚ 11.2, ਫਰੀਦਕੋਟ ਵਿਚ 10.5, ਗੁਰਦਾਸਪੁਰ ਵਿਚ 12, ਨਵਾਂ ਸ਼ਹਿਰ ਵਿਚ 11.9, ਬਰਨਾਲਾ ਵਿਚ 11.8, ਫ਼ਤਹਿਗੜ੍ਹ ਸਾਹਿਬ ਵਿਚ 9.3, ਫਿਰੋਜ਼ਪੁਰ ਵਿਚ 10.5, ਜਲੰਧਰ ਵਿਚ 10.2, ਮੋਗਾ ਵਿਚ 10.3, ਮੁਹਾਲੀ ਵਿਚ 14.3, ਰੋਪੜ ਵਿਚ 11.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।