ਬੀਤੇ ਦਿਨ ਛਾਤੀ ‘ਚ ਇਨਫੈਕਸ਼ਨ ਹੋਣ ਕਾਰਨ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਪਰਮਿੰਦਰ ਕੌਰ ਜੀ ਦਾ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਰੱਖੀ ਗਈ ਸੀ, ਜਿੱਥੋਂ ਉਨ੍ਹਾਂ ਦੀ ਮ੍ਰਿਤਕ ਦੇਹ ਪਰਮੇਸ਼ਵਰ ਦਵਾਰ ਲਿਆਂਦੀ ਗਈ ਤੇ ਆਖਰੀ ਰਸਮਾਂ ਦੇ ਨਾਲ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ। ਇਸ ਮੌਕੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ।
ਜ਼ਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਪਰਮਿੰਦਰ ਕੌਰ ਦੀ ਛਾਤੀ ‘ਚ ਇਨਫੈਕਸ਼ਨ ਫੈਲ ਗਈ ਸੀ ਅਤੇ ਹਾਰਟ ‘ਚ ਵੀ ਕੁਝ ਸਮੱਸਿਆ ਆ ਰਹੀ ਸੀ, ਜਿਸ ਤੋਂ ਬਾਅਦ ਸਟੰਟ ਪੁਆਏ ਗਏ ਸਨ। ਪਹਿਲਾਂ ਉਹ ਠੀਕ ਵੀ ਹੋ ਗਏ ਸਨ ਪਰ ਹਸਪਤਾਲ ਤੋਂ ਘਰ ਆਉਣ ਮਗਰੋਂ ਸਿਹਤ ਜ਼ਿਆਦਾ ਵਿਗੜ ਗਈ ਅਤੇ ਇਨਫੈਕਸ਼ਨ ਫੈਲਣ ਕਾਰਨ ਬੀਤੇ ਕੱਲ੍ਹ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਹਰ ਇਨਸਾਨ ਦੀ ਜ਼ਿੰਦਗੀ ’ਚ ਮਾਂ ਬਾਪ ਦਾ ਦਰਜਾ ਸੱਭ ਤੋਂ ਉਪਰ ਹੈ। ਮੈਂ ਅੱਜ ਹਿਸਾਬ ਲਾਇਆ ਕਿ ਜਿੰਨੇ ਮਾਵਾਂ ਨੂੰ ਅਪਣੇ ਜਵਾਨ ਪੁੱਤ ਤੋਰਨੇ ਔਖੇ ਨੇ ਪੁੱਤਾਂ ਨੂੰ ਵੀ ਅਪਣੀਆਂ ਮਾਵਾਂ ਨੂੰ ਤੋਰਨਾ ਉਸ ਤੋਂ ਵੀ ਕਿਤੇ ਜ਼ਿਆਦਾ ਔਖਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਅਪਣੇ ਮਾਪਿਆਂ ਦੇ ਜਿਉਂਦੇ ਜੀਅ ਉਨ੍ਹਾਂ ਦੀ ਕਦਰ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਨੂੰ ਉਨ੍ਹਾਂ ਦੀ ਕਿੰਨੀ ਲੋੜ ਹੈ।