ਪੰਜਾਬ ਦੇ ਵਿੱਚੋਂ ਲਗਾਤਾਰ ਨੌਜਵਾਨਾਂ ਦਾ ਵਿਦੇਸ਼ ਵਿੱਚ ਜਾਣ ਦਾ ਸਿਲਸਿਲਾ ਜਾਰੀ ਹੈ ਅਤੇ ਕਈ ਵਾਰ ਵਿਦੇਸ਼ਾਂ ਤੋਂ ਅਜਿਹੀ ਮੰਦਭਾਗੀ ਖ਼ਬਰ ਸਾਹਮਣੇ ਆਉਂਦੀ ਹੈ, ਜਿਸ ਨਾਲ ਹਰ ਇੱਕ ਮਨੁੱਖ ਦੀ ਰੂਹ ਕੰਬ ਜਾਂਦੀ ਹੈ।
ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿਚੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਵਿੱਚ ਪੰਜਾਬ ਤੋਂ ਉੱਥੇ ਜਾਂਦੇ ਨੌਜਵਾਨਾਂ ‘ਚ ਹਾਰਟ ਅਟੈਕ ਕਾਰਨ ਮੌਤ ਦੀ ਸਮਸਿਆ ਹੁਣ ਆਮ ਹੁੰਦੀ ਜਾ ਰਹੀ ਹੈ, ਜੋ ਕਿ ਬੇਹੱਦ ਹੀ ਚਿੰਤਾ ਦਾ ਵਿਸ਼ਾ ਹੈ। ਇਸੇ ਤਰਾਂ ਦਾ ਇੱਕ ਹੋਰ ਮਾਮਲਾ ਹਲਕਾ ਘਨੌਰ ਦੇ ਪਿੰਡ ਸ਼ੰਭੂ ਖ਼ੁਰਦ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ 19 ਸਾਲਾਂ ਨੌਜਵਾਨ ਮਨਜੋਤ ਸਿੰਘ ਦੀ ਮੌਤ ਹੋ ਗਈ ਹੈ।
ਦੱਸ ਦੇਈਏ ਕਿ ਮਨਜੋਤ 7 ਅਗਸਤ ਨੂੰ ਕੈਨੇਡਾ ਦੇ ਸਰੀ ਸ਼ਹਿਰ ਪੜ੍ਹਾਈ ਦੇ ਲਈ ਭਾਰਤ ਤੋਂ ਗਿਆ ਸੀ ਅਤੇ ਸੋਮਵਾਰ ਨੂੰ ਸਵੇਰੇ ਜਦੋਂ ਉਹ ਕਾਲਜ ਦੇ ਪਹਿਲੇ ਦਿਨ ਕਲਾਸ ਲਾਉਣ ਪਹੁੰਚਿਆ ਤਾਂ ਕਾਲਜ ਦੇ ਬਾਥਰੂਮ ਵਿੱਚ ਹਾਰਟ ਅਟੈਕ ਆਉਣ ਕਾਰਨ ਉਸਦੀ ਮੌਤ ਹੋ ਗਈ।
ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ, “ਸੋਮਵਾਰ ਨੂੰ ਭਤੀਜੇ ਅਮਨਦੀਪ ਸਿੰਘ, ਜੋ ਕੈਨੇਡਾ ਦੇ ਵਿੱਚ ਹੀ ਰਹਿੰਦਾ ਹੈ, ਨੇ ਦੱਸਿਆ ਕਿ ਮਨਜੋਤ ਦੀ ਹਾਰਟ ਅਟੈਕ ਕਰਨ ਮੌਤ ਹੋ ਗਈ ਹੈ।” ਉਨ੍ਹਾਂ ਕਿਹਾ, “ਅਮਨਦੀਪ ਨੂੰ ਕੈਨੇਡਾ ਪੁਲਿਸ ਤੋਂ ਇਹ ਫੋਨ ਆਇਆ ਸੀ। ਪੁਲਿਸ ਦੇ ਕਹੇ ਤੋਂ ਬਾਅਦ ਅਮਨਦੀਪ ਮਨਜੋਤ ਦੇ ਕਾਲਜ ਪਹੁੰਚ ਗਿਆ ਪਰ ਅਜੇ ਤੱਕ ਉਨ੍ਹਾਂ ਨੇ ਅਮਨਦੀਪ ਨੂੰ ਮੁੰਡੇ ਦੀ ਮ੍ਰਿਤਕ ਦੇਹ ਨਹੀਂ ਦੇਖਣ ਦਿੱਤੀ ਹੈ।”
ਪਿਤਾ ਨੇ ਦੱਸਿਆ ਕਿ ਸ਼ਨੀਰਵਾਰ (16-09-2023) ਨੂੰ ਪੁਲਿਸ ਵੱਲੋਂ ਮਨਜੋਤ ਦੀ ਲਾਸ਼ ਉਸ ਦੇ ਭਰਾ ਨੂੰ ਦਿਖਾਈ ਜਾਵੇਗੀ। ਪਿਤਾ ਕਰਮਜੀਤ ਦਾ ਕਹਿਣਾ, “ਮਨਜੋਤ ਦੀ ਲਾਸ਼ ਪੰਜਾਬ ਲੈ ਕੇ ਆਉਣ ਲਈ 18 ਤੋਂ 20 ਲੱਖ ਰੁਪਏ ਦਾ ਖ਼ਰਚਾ ਆਵੇਗਾ। ਅਸੀਂ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਹਾਂ ਪਹਿਲਾ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਬੇਟੇ ਨੂੰ ਪੜ੍ਹਾਈ ਦੇ ਲਈ ਬਾਹਰ ਭੇਜਿਆ ਅਤੇ ਹੁਣ ਉਸ ਦੀ ਲਾਸ਼ ਲਈ ਵੀ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਕਿ ਲਾਸ਼ ਨੂੰ ਮੰਗਵਾ ਲੈਣ।”
ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਬੇਟੇ ਦੀ ਲਾਸ਼ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਜਵਾਨ ਪੁੱਤਰ ਦੀ ਮੌਤ ਦਾ ਪਤਾ ਲੱਗਣ ਮਗਰੋਂ ਪਰਿਵਾਰ ਸਮੇਤ ਪੂਰੇ ਪਿੰਡ ‘ਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ।