ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਹਲਕਾ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ’ਚ ਵੀ ਬੀਤੀ ਰਾਤ ਘੱਗਰ ’ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ’ਚ ਡੁੱਬ ਗਈ। ਇਸ ਪਾੜ ਦੇ ਪੈਣ ਮਗਰੋਂ ਪਹਿਲਾਂ ਹੀ ਫ਼ਿਕਰਮੰਦ ਹੋਏ ਲੋਕ ਹੋਰ ਪਰੇਸ਼ਾਨ ਹੋ ਗਏ ਹਨ ਅਤੇ ਉਨ੍ਹਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।
ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਝੰਡਾ ਖੁਰਦ ਤੇ ਰੋੜਕੀ ਦੀ ਹੱਦ ’ਤੇ ਘੱਗਰ ਵਿਚ ਪਾੜ ਪੈ ਗਿਆ ਸੀ, ਹਾਲਾਂਕਿ ਉਸ ਪਾੜ ਨੂੰ ਕੁਝ ਲੋਕਾਂ ਵੱਲੋਂ ਇਕ ਲੋਕਾਂ ਦਾ ਨਿੱਜੀ ਪਾੜ ਕਿਹਾ ਜਾ ਰਿਹਾ ਸੀ ਅਤੇ ਮੁੱਖ ਬੰਨ੍ਹ ਠੀਕ ਹੋਣ ਦੀ ਗੱਲ ਕਹੀ ਜਾ ਰਹੀ ਸੀ। ਪਰ ਉਸ ਦੇ ਨਾਲ ਵੀ ਵਾਰਡ ਨੰਬਰ. 5 ਤੱਕ ਦੇ ਲੋਕ ਪ੍ਰਭਾਵਿਤ ਹੋਏ ਹਨ। ਭਾਵੇਂਕਿ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਘੱਗਰ ’ਚ ਵਾਰ-ਵਾਰ ਪੈ ਰਹੇ ਪਾੜ ਇਨ੍ਹਾਂ ਦਾਅਵਿਆਂ ਨੂੰ ਖੋਖਲੇ ਸਿੱਧ ਕਰ ਰਹੀ ਹੈ। ਇਕ ਪਾਸੇ ਸਰਦੂਲਗੜ੍ਹ ’ਚ ਲਗਾਤਾਰ ਪਾੜ ਪੈਣ ਕਾਰਨ ਖ਼ਤਰਾ ਵੱਧਦਾ ਜਾ ਰਿਹਾ ਹੈ,
ਜਦੋਂਕਿ ਦੂਜੇ ਪਾਸੇ ਚਾਂਦਪੁਰਾ ਬੰਨ੍ਹ ਟੁੱਟ ਜਾਣ ਕਾਰਨ ਹਰਿਆਣਾ ਦੇ ਕੁਝ ਪਿੰਡਾਂ ਚਾਂਦਪੁਰਾ, ਸਿਧਾਨੀ, ਬੱਬਨਪੁਰ, ਬਾਦਲਗੜ੍ਹ ’ਚ ਪਾਣੀ ਭਰ ਚੁੱਕੇ ਹੋਣ ਤੋਂ ਬਾਅਦ ਪੰਜਾਬ ਦੇ ਕੁਲਰੀਆਂ, ਗੋਰਖਨਾਥ, ਚੱਕ ਅਲੀਸ਼ੇਰ, ਬੀਰੇਵਾਲਾ ਡੋਗਰਾ ਆਦਿ ਪਿੰਡ ਇਸ ਪਾਣੀ ਦੀ ਲਪੇਟ ’ਚ ਆ ਗਏ ਹਨ ਅਤੇ ਅੱਜ ਹੋਰ ਪਿੰਡਾਂ ਦੇ ਇਸ ਦੀ ਲਪੇਟ ’ਚ ਆਉਣ ਦਾ ਖ਼ਤਰਾ ਯਕੀਨੀ ਬਣਿਆ ਹੋਇਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬੁਢਲਾਡਾ ਰਤੀਆ ਰੋਡ ’ਤੇ ਇਹ ਪਾਣੀ ਬਹੁਤ ਜਲਦੀ ਪਹੁੰਚ ਜਾਵੇਗਾ।
. ਬਿਕਰਜੀਤ ਸਿੰਘ ਸਾਧੂਵਾਲਾ, ਰੋੜਕੀ ਦੇ ਪਿੰਡ ਦੇ ਰਹਿਣ ਵਾਲਾ ਬਲਵਿੰਦਰ ਸਿੰਘ, ਸਰਦੂਲਗੜ੍ਹ ਦੇ ਸਮਾਜਸੇਵੀ ਰਾਜ ਕੁਮਾਰ ਕੰਬੋਜ਼ ਨੇ ਦੱਸਿਆ ਕਿ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਹਲਕਾ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ’ਚ ਬੀਤੀ ਰਾਤ ਇਹ ਪਾੜ ਪਿਆ ਹੈ, ਜਿਸ ਕਾਰਨ ਪਾਣੀ ਇਨ੍ਹਾਂ ਫ਼ਸਲਾਂ ’ਚ ਆ ਵੜਿਆ ਹੈ। ਹੁਣ ਇਹ ਪਾਣੀ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ਨਾਲ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੰਨ੍ਹ ਘੱਟੋ ਘੱਟ 150 ਏਕੜ ਫ਼ਸਲ ਨੂੰ ਆਪਣੀ ਲਪੇਟ ’ਚ ਲਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਪਾਣੀ ਜੇਕਰ ਫ਼ਸਲਾਂ ’ਚ ਇਸੇ ਤਰ੍ਹਾਂ ਭਰਦਾ ਰਿਹਾ ਤਾਂ ਨੈਸ਼ਨਲ ਹਾਈਵੇ ਬਰਨਾਲਾ ਸਿਰਸਾ ’ਤੇ ਵੀ ਪਾਣੀ ਚੜ੍ਹ ਸਕਦਾ ਹੈ ਜਿਸ ਕਾਰਨ ਇਸ ਨੂੰ ਬੰਦ ਕਰਨ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਪਿੰਡ ਰੰਗੇ ਵਾਲੇ ਪੁਲ਼ ਕੋਲੋਂ ਮੁੜ ਘੱਗਰ ਵਿਚ ਪੈ ਸਕਦਾ ਹੈ ਜੇਕਰ ਇਹ ਪਾਣੀ ਇਸ ਰਾਹੀਂ ਘੱਗਰ ’ਚ ਪੈ ਜਾਂਦਾ ਹੈ ਤਾਂ ਮੰਡਰਾ ਰਿਹਾ ਖ਼ਤਰਾ ਟਲ ਸਕਦਾ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਪਾਣੀ ਨੂੰ ਬਰਨਾਲਾ ਸਿਰਸਾ ਰੋਡ ’ਤੇ ਪਾਰ ਜਾਣ ਤੋਂ ਰੋਕਿਆ ਜਾਵੇ।