ਰਿਸ਼ਤੇਦਾਰਾਂ ਤੋਂ ਤੰਗ ਆ ਕੇ ਲੋਕ ਗਾਇਕ ਰਣਜੀਤ ਸਿੰਘ ਨੇ ਕੀਤੀ ਖ਼ੁਦਕੁਸ਼ੀ, ਸੁਨਾਮ ਦੇ ਰਹਿਣ ਵਾਲੇ ਪੰਜਾਬੀ ਲੋਕ ਗਾਇਕ ਰਣਜੀਤ ਸਿੰਘ ਵੱਲੋਂ ਆਪਣੇ ਰਿਸ਼ਤੇਦਾਰਾਂ ਤੋਂ ਪਰੇਸ਼ਾਨ ਹੋ ਕੇ ਰੇਲ ਗੱਡੀ ਹੇਠ ਆਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਰੇਲਵੇ ਪੁਲੀਸ ਦੇ ਸਬ-ਇੰਸਪੈਕਟਰ ਜਗਵਿੰਦਰ ਸਿੰਘ ਅਤੇ ਨਰਦੇਵ ਸਿੰਘ ਨੇ ਦੱਸਿਆ ਕਿ ਰੇਲਵੇ ਟਰੈਕ ਤੋਂ ਰਾਤ ਨੂੰ ਇੱਕ ਲਾਸ਼ ਮਿਲੀ ਸੀ, ਜਿਸ ਨੂੰ ਜੀਆਰਪੀ ਚੌਕੀ ‘ਚ ਸਨਾਖ਼ਤ ਲਈ ਰੱਖਿਆ ਗਿਆ ਸੀ ਅਤੇ ਅੱਜ ਉਸਦੀ ਸ਼ਨਾਖ਼ਤ ਰਣਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੁਨਾਮ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੀ ਪਤਨੀ ਨੇ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਕੁੱਝ ਸਮਾਂ ਪਹਿਲਾਂ ਅਸੀਂ ਨੇ ਆਪਣੀ ਲੜਕੀ ਦਾ ਵਿਆਹ ਕੀਤਾ ਸੀ ਅਤੇ ਉਸ ਦੇ ਰਿਸ਼ਤੇਦਾਰਾਂ ਨਾਲ ਰਣਜੀਤ ਸਿੰਘ ਦੇ ਲੈਣ-ਦੇਣ ਦਾ ਝਗੜਾ ਸੀ
ਜਿਸ ਨੂੰ ਲੈਕੇ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਰਣਜੀਤ ਸਿੰਘ ਨੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ । ਜੀਆਰਪੀ ਦੇ ਸਹਾਇਕ ਥਾਣੇਦਾਰ ਨਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ 306,506,34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ।