ਅੰਮ੍ਰਿਤਸਰ-ਡਿਬਰੂਗੜ੍ਹ ਜੇਲ੍ਹ ਵਿਚ ਕੈਦ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਖਾਣੇ ਵਿਚ ਤੰਬਾਕੂ ਪਾ ਕੇ ਦੇਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੱਖ ਨੌਜਵਾਨਾਂ ਨੂੰ ਆਟੇ ਵਿਚ ਤੰਬਾਕੂ ਗੁੰਨ੍ਹ ਕੇ ਦਿੱਤਾ ਜਾ ਰਿਹਾ ਹੈ, ਜੋ ਮੰਦਭਾਗਾ ਹੈ। ਇਹ ਬਰਦਾਸ਼ਤਯੋਗ ਨਹੀਂ ਹੈ। ਇਹ ਇਨ੍ਹਾਂ ਨੌਜਵਾਨਾਂ ਦੇ ਧਰਮ ਉਤੇ ਸਿੱਧਾ ਹਮਲਾ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸਿੱਖ ਕਦੇ ਵੀ ਇਸ ਤਰ੍ਹਾਂ ਦੀ ਕੋਝੀ ਹਰਕਤ ਬਰਦਾਸ਼ਤ ਨਹੀਂ ਕਰਦੇ। ਜੇਲ੍ਹ ਮੈਨੂਅਲ ਮੁਤਾਬਕ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਧਰ, ਸ਼੍ਰੋਮਣੀ ਕਮੇਟੀ ਨੇ ਆਖਿਆ ਹੈ ਕਿ ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨਾਲ ਗੈਰ ਮਨੁੱਖੀ ਵਤੀਰਾ ਬਰਦਾਸ਼ਤ ਨਹੀਂ। ਕਮੇਟੀ ਨੇ ਆਖਿਆ ਹੈ ਕਿ ਜੇਲ੍ਹ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਗੁਰਸਿੱਖ ਨੂੰ ਦਾਲ ਸਬਜ਼ੀ ਵਿਚ ਤੰਬਾਕੂ ਪਾ ਕੇ ਦੇਣਾ ਬੱਜਰ ਗੁਨਾਹ ਹਨ। ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵਲੋਂ ਜੇਲ੍ਹ ਪ੍ਰਸਾਸ਼ਨ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।ਸਕੱਤਰ ਸ਼੍ਰੋਮਣੀ ਕਮੇਟੀ ਪ੍ਰਤਾਪ ਸਿੰਘ ਨੇ ਆਖਿਆ ਕਿ ਜੇਲ੍ਹ ਪ੍ਰਸ਼ਾਸਨ ਸਿੱਖ ਕੈਦੀਆਂ ਨਾਲ ਵਿਤਕਰਾ ਬੰਦ ਕਰੇ। ਆਮ ਕੈਦੀਆਂ ਵਾਂਗ ਜੇਲ੍ਹ ਵਿਚ ਸਿੱਖਾਂ ਨੂੰ ਵੀ ਫੋਨ ਦੀ ਸਹੂਲਤ ਦਿੱਤੀ ਜਾਵੇ।