ਐਤਵਾਰ ਨੂੰ ਪਿੰਡ ਮੂਸਾ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਆਪਣੇ ਘਰ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਗੁੱਸਾ ਫੁੱਟ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੌਤ ਨੂੰ ਕਰੀਬ 1 ਸਾਲ ਤੋਂ ਉਪਰ ਦਾ ਸਮਾ ਬੀਤ ਚੁੱਕੇ ਹਨ ਪਰ ਸਾਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਜਦੋਂ ਸ਼ੁਭਦੀਪ ਦੀ ਯਾਦ ਆਉਂਦੀ ਹੈ ਤਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਬਾਗੀ ਹੋ ਕੇ ‘ਕੱਲੇ-‘ਕੱਲੇ ਨੂੰ ਠੋਕ ਦੇਵਾਂ। ਦੂਜੇ ਪਾਸੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਰੱਜ ਕੇ ਲਾਹਨਤਾਂ ਪਾਈਆਂ ਹਨ ਜੋ ਬੋਲਦੇ ਹਨ ਕਿ ਸਿੱਧੂ ਮੂਸੇਵਾਲਾ ਦਾ ਬਾਪੂ ਵਧੀਆ ਸੂਟ-ਬੂਟ ਪਾ ਕੇ ਬਾਹਰਲੇ ਮੁਲਕਾਂ ਦੇ ਗੇੜੇ ਮਾਰ ਰਿਹਾ ਜੋ ਲੱਗਦਾ ਜਲਦੀ ਦੂਜਾ ਵਿਆਹ ਕਰਵਾ ਲਵੇਗਾ।ਉਨ੍ਹਾਂ ਨੇ ਕਿਹਾ ਕਿ ਸ਼ਰਮ ਕਰੋ ਸਾਡਾ ਘਰ ਉਜੜ ਗਿਆ ਤੇ ਤੁਹਾਨੂੰ ਵਿਆਹਾਂ ਦੀ ਪਈ ਹੈ।
ਚਰਨ ਕੌਰ ਨੇ ਕਿਹਾ ਕਿ ਉਸ ਦਾ ਪਰਿਵਾਰ ਸਰਕਾਰੀ ਸਿਸਟਮ ਅੱਗੇ ਬੇਵੱਸ ਹੋ ਗਿਆ ਹੈ। ਅੱਜ ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਸੱਚ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਮਾਤਾ ਚਰਨ ਕੌਰ ਨੇ ਉਸ ਪੱਤਰਕਾਰ ਦਾ ਨਾਂ ਵੀ ਲਿਆ, ਜਿਸ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀ ਘਿਨਾਉਣੀ ਹਰਕਤ ਕਰਨ ਵਾਲੇ ਦੋਸ਼ੀ ਖ਼ਿਲਾਫ਼ ਸਖਤ ਕਾਰਵਾਈ ਨਹੀਂ ਕਰ ਰਹੀ।
ਪੁੱਤ ਦੀ ਮੌਤ ਤੋਂ ਬਾਅਦ ਵੀ ਇਹੀ ਸ਼ਖਸ ਸਭ ਤੋਂ ਪਹਿਲਾਂ ਪਿੰਡ ਜਵਾਹਰਕੇ ‘ਚ ਸਿੱਧੂ ਮੂਸੇਵਾਲਾ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੀ ਪੋਸਟ ਸ਼ੇਅਰ ਕਰ ਰਿਹਾ ਸੀ। ਮਾਤਾ ਚਰਨ ਕੌਰ ਅਨੁਸਾਰ ਸਰਕਾਰ ਨੂੰ ਕਈ ਸਬੂਤ ਦਿੱਤੇ ਗਏ ਹਨ ਪਰ ਦੋਸ਼ੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਯਾਤਰਾ ‘ਚ ਬਲਕੌਰ ਸਿੰਘ ਕੋਈ ਸਿਆਸਤ ਵਿੱਚ ਸ਼ਾਮਲ ਹੋਣ ਲਈ ਨਹੀਂ ਗਏ ਸੀ । ਸਿਆਸਤ ਨੇ ਤਾਂ ਸਾਡਾ ਪੁੱਤ ਖੋਹ ਲਿਆ। ਚਰਨ ਕੌਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਚੁੱਪ ਨੂੰ ਕਮਜ਼ੋਰੀ ਨਾ ਸਮਝੇ। ਉਹ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਹਰ ਲੜਾਈ ਲੜੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹੀ ਦਮ ਲਵੇਗੀ। ਪੂਰਾ ਪੰਜਾਬ ਸਿੱਧੂ ਦੇ ਨਾਲ ਹੈ।