ਧੁੰਦ ਦੇ ਨਾਲ ‘ਸੀਤ ਲਹਿਰ’ ਦਾ ਕਹਿਰ

ਧੁੰਦ ਦੇ ਨਾਲ ਸੀਤ ਲਹਿਰ ਦਾ ਕਹਿਰ ਜਨ-ਜੀਵਨ ਨੂੰ ਅਸਤ-ਵਿਅਸਤ ਕਰ ਰਿਹਾ ਹੈ ਅਤੇ ਤਾਪਮਾਨ ਵਿਚ ਹੋ ਰਹੀ ਗਿਰਾਵਟ ਨਾਲ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਵਿਚ ਅਲਰਟ ਹੋਣ ਕਾਰਨ ਵੱਖ-ਵੱਖ ਜ਼ਿਲ੍ਹਿਆਂ ਵਿਚ ਯੈਲੋ, ਓਰੇਂਜ ਅਤੇ ਰੈੱਡ ਅਲਰਟ ਹੋਏ ਹਨ ਅਤੇ ਮਹਾਨਗਰ ਜਲੰਧਰ ਰੈੱਡ ਅਲਰਟ ਦੇ ਜ਼ੋਨ ਵਿਚ ਆਉਂਦਾ ਹੈ, ਜਿਸ ਕਾਰਨ ਇਥੇ ਧੁੰਦ ਦਾ ਪ੍ਰਭਾਵ ਜ਼ਿਆਦਾ ਰਹੇਗਾ। ਸ਼ਹਿਰ ਦੇ ਅੰਦਰ ਅਤੇ ਜੀ. ਟੀ. ਰੋਡ ’ਤੇ ਵਿਜ਼ੀਬਿਲਿਟੀ ਜ਼ੀਰੋ ਹੋ ਚੁੱਕੀ ਹੈ, ਜਿਸ ਕਾਰਨ ਵਾਹਨ ਚਲਾਉਂਦੇ ਸਮੇਂ 10 ਫੁੱਟ ਦੀ ਦੂਰੀ ’ਤੇ ਵੀ ਕੁਝ ਨਜ਼ਰ ਨਹੀਂ ਆ ਰਿਹਾ।

ਵੱਧ ਤੋਂ ਵੱਧ ਤਾਪਮਾਨ 15 ਡਿਗਰੀ, ਜਦਕਿ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਦੇ ਲਗਭਗ ਦਰਜ ਕੀਤਾ ਗਿਆ ਹੈ। ਇਸ ਮੁਤਾਬਕ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਸਿਰਫ਼ 7 ਡਿਗਰੀ ਦਾ ਫਰਕ ਦਰਜ ਹੋਇਆ ਹੈ। ਇਹ ਫਰਕ ਬੇਹੱਦ ਘੱਟ ਮੰਨਿਆ ਜਾਂਦਾ ਹੈ ਅਤੇ ਉਕਤ ਅੰਕੜੇ ਦਰਸਾਉਂਦੇ ਹਨ ਕਿ ਦਿਨ-ਰਾਤ ਦੇ ਤਾਪਮਾਨ ’ਚ ਕੋਈ ਵੱਡਾ ਫਰਕ ਨਹੀਂ ਹੈ। ਵੱਡਾ ਫਰਕ ਨਾ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਸੂਰਜ ਦੇਵਤਾ ਦੇ ਦਰਸ਼ਨ ਸਿਰਫ਼ ਕੁਝ ਸਮੇਂ ਲਈ ਹੋ ਰਹੇ ਹਨ ਅਤੇ ਹਲਕੀ ਧੁੱਪ ਠੰਡ ਤੋਂ ਵੱਡੀ ਰਾਹਤ ਨਹੀਂ ਦੇ ਰਹੀ।

ਇਸ ਕਾਰਨ ਦਿਨ ਦੇ ਸਮੇਂ ਵੀ ਠੰਡ ਨਾਲ ਕੰਬਣੀ ਮਹਿਸੂਸ ਹੋ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੌਸਮ ਅਜਿਹਾ ਹੋ ਚੁੱਕਾ ਹੈ ਕਿ ਠੰਡ ਨੇ ਹਰ ਪਾਸੇ ਧਾਵਾ ਬੋਲ ਦਿੱਤਾ ਹੈ ਅਤੇ ਆਮ ਵਿਅਕਤੀ ਨੂੰ ਕਈ ਤਰ੍ਹਾਂ ਨਾਲ ਇਸਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸੇ ਦੌਰਾਨ ਏਅਰ ਕੁਆਲਿਟੀ ਇੰਡੈਕਸ਼ਨ 400 ਤੋਂ ਉੱਪਰ ਜਾਂਦੇ ਹੋਏ ਘਾਤਕ ਪੱਧਰ ’ਤੇ ਪਹੁੰਚ ਚੁੱਕਾ ਹੈ, ਜਿਸ ਨਾਲ ਸਿਹਤ ਵਿਗੜਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਦਮੇ ਦੇ ਮਰੀਜ਼ਾਂ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਅਤੇ ਦਮ-ਘੋਟੂ ਹਵਾਵਾਂ ਨਾਲ ਮਰੀਜ਼ਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ।

ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰਦੇ ਹੋਏ ਧੁੰਦ ਦੇ ਪ੍ਰਕੋਪ ਤੋਂ ਬਚਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਧੁੰਦ ਕਾਰਨ ਹਵਾਈ ਅੱਡਿਆਂ, ਜੀ. ਟੀ. ਰੋਡ ਅਤੇ ਰੇਲਵੇ ਮਾਰਗਾਂ ’ਤੇ ਅਸਰ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨੀ ਅਪਣਾਉਣੀ ਚਾਹੀਦੀ ਹੈ। ਵਾਹਨ ਚਾਲਕ ਹੌਲੀ ਰਫ਼ਤਾਰ ਨਾਲ ਯਾਤਰਾ ਕਰਨ ਅਤੇ ਧੁੰਦ ਵਿਚ ਵਿਜ਼ੀਬਿਲਿਟੀ ਜ਼ੀਰੋ ਜਾਂ ਘੱਟ ਹੋਣ ਦੀ ਸੂਰਤ ਵਿਚ ਮੁਸ਼ਕਲ ਡਰਾਈਵਿੰਗ ਲਈ ਖੁਦ ਨੂੰ ਤਿਆਰ ਰੱਖਣ। ਗਾਈਡਲਾਈਨ ਵਿਚ ਕਿਹਾ ਗਿਆ ਹੈ ਕਿ ਬੇਹੱਦ ਜ਼ਰੂਰੀ ਹੋਣ ’ਤੇ ਹੀ ਸੜਕ ਆਵਾਜਾਈ ’ਤੇ ਨਿਕਲਣਾ ਚਾਹੀਦਾ ਹੈ। ਵਾਹਨ ਚਲਾਉਂਦੇ ਸਮੇਂ ਜਾਂ ਕਿਸੇ ਵਾਹਨ ਰਾਹੀਂ ਬਾਹਰ ਨਿਕਲਦੇ ਸਮੇਂ ਵਿਸ਼ੇਸ਼ ਸਾਵਧਾਨ ਰਹੋ। ਧੁੰਦ ਦੇ ਸਮੇਂ ਡਰਾਈਵਿੰਗ ਦੌਰਾਨ ਫੌਗ ਲਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ।

ਘਰ ’ਚੋਂ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਜ਼ਰੂਰੀ—ਸਿਹਤ ਸਬੰਧੀ ਜਾਰੀ ਕੀਤੇ ਟਿਪਸ ਮੁਤਾਬਕ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜ਼ਰੂਰੀ ਕਰ ਦੇਣੀ ਚਾਹੀਦੀ ਹੈ। ਸਰਕਾਰ ਵੱਲੋਂ ਪਹਿਲਾਂ ਹੀ ਮਾਸਕ ਪਹਿਨਣ ਦੀ ਗਾਈਡਲਾਈਨ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਮੰਨਦੇ ਹੋਏ ਇਸ ਪ੍ਰਤੀ ਗੰਭਰਤਾ ਦਿਖਾਉਣੀ ਚਾਹੀਦੀ ਹੈ ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਸਾਫ ਕਿਹਾ ਗਿਆ ਹੈ ਕਿ ਸੰਘਣੀ ਧੁੰਦ ਫੇਫੜਿਆਂ ਸਬੰਧੀ ਮਰੀਜ਼ਾਂ ਦੀ ਸਿਹਤ ’ਤੇ ਉਲਟ ਪ੍ਰਭਾਵ ਪਾਉਂਦੀ ਹੈ। ਧੁੰਦ ਫੇਫੜਿਆਂ ’ਚ ਜਾ ਕੇ ਉਨ੍ਹਾਂ ਵਿਚ ਰੁਕਾਵਟ ਪੈਦਾ ਕਰਦੀ ਹੈ, ਜਿਸ ਨਾਲ ਫੇਫੜਿਆਂ ਦੀ ਕਾਰਜ ਸਮਰੱਥਾ ਘੱਟ ਹੁੰਦੀ ਹੈ ਅਤੇ ਸਿਹਤ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ। ਉਥੇ ਹੀ, ਧੁੰਦ ਵਿਚ ਖਾਂਸੀ ਅਤੇ ਹੋਰ ਬੀਮਾਰੀਆਂ ਵਾਲੇ ਰੋਗੀਆਂ ਨੂੰ ਬੇਹੱਦ ਜ਼ਰੂਰੀ ਹੋਣ ’ਤੇ ਬਾਹਰ ਨਿਕਲਣਾ ਚਾਹੀਦਾ ਹੈ। ਅਸਥਮਾ, ਬ੍ਰੋਂਕਾਈਟਿਸ ਤੋਂ ਪੀੜਤ ਲੋਕਾਂ ’ਤੇ ਇਸਦਾ ਪ੍ਰਭਾਵ ਪੈਂਦਾ ਹੈ।

ਅੱਖਾਂ ਲਈ ਘਾਤਕ ਹੈ ਧੁੰਦ—–ਉਥੇ ਹੀ, ਸੰਘਣੀ ਧੁੰਦ ਵਿਚ ਪ੍ਰਦੂਸ਼ਣ ਹੁੰਦਾ ਹੈ, ਜਿਸ ਨਾਲ ਅੱਖਾਂ ਵਿਚ ਜਲਣ ਹੋਣ ਦੀ ਸਮੱਸਿਆ ਪੇਸ਼ ਆਉਣ ਦੀ ਸੰਭਾਵਨਾ ਰਹਿੰਦੀ ਹੈ। ਅੱਖਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਵਿਅਕਤੀ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਹਵਾ ਵਿਚ ਪ੍ਰਦੂਸ਼ਣ ਵਧਣ ਕਾਰਨ ਅੱਖਾਂ ਦੀਆਂ ਝਿੱਲੀਆਂ ਵਿਚ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਅੱਖਾਂ ਵਿਚ ਲਾਲੀ ਜਾਂ ਸੋਜ ਹੋ ਜਾਂਦੀ ਹੈ। ਚਿਹਰਾ ਢਕਣ ਦੇ ਨਾਲ-ਨਾਲ ਨਾਈਟ ਗਾਗਲਜ਼ ਲਈ ਵਿਸ਼ੇਸ਼ ਤੌਰ ’ਤੇ ਸਾਵਧਾਨ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਲਈ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕਰਦਿਆਂ ਸਾਵਧਾਨੀ ਅਪਣਾਉਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰਾਂ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਚਿਤਾਵਨੀ ਮੁਤਾਬਕ ਹਰਿਆਣਾ, ਪੰਜਾਬ ’ਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ, ਜਦੋਂ ਕਿ ਆਉਣ ਵਾਲੇ ਦਿਨਾਂ ’ਚ ਇਸ ਤੋਂ ਵੀ ਸੰਘਣੀ ਧੁੰਦ ਛਾਈ ਰਹੇਗੀ।

ਅਗਲੇ 4-5 ਦਿਨ ਖ਼ੁਸ਼ਕ ਰਹੇਗਾ ਮੌਸਮ—-ਅਗਲੇ 4-5 ਦਿਨ ਮੌਸਮ ਖੁਸ਼ਕ (ਡਰਾਈ) ਰਹੇਗਾ, ਜਦੋਂ ਕਿ ਤਾਪਮਾਨ ’ਚ ਸੁਧਾਰ ਹੋਣ ਦੀ ਹਾਲੇ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਠੰਡ ਆਪਣਾ ਰੰਗ ਦਿਖਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਪਹਾੜਾਂ ’ਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ’ਚ ਤਾਪਮਾਨ ਡਿੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੀਂਹ ਆਉਣ ਦੀ ਭਵਿੱਖਬਾਣੀ ਕਾਰਨ 4-5 ਦਿਨ ਤੱਕ ਡਰਾਈ ਮੌਸਮ ਦਾ ਸਾਹਮਣਾ ਕਰਨਾ ਪਵੇਗਾ।

Leave a comment

Your email address will not be published. Required fields are marked *