ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਨੇ 6 ਦਸੰਬਰ ਨੂੰ ਛਾਪੇਮਾਰੀ ਕੀਤੀ। ਜਦੋਂ ਇਸ ਛਾਪੇਮਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੂੰ ਲੱਗਾ ਜਿਵੇਂ ਉਹ ਬੈਂਕ ਦਾ ਲਾਕਰ ਜਾਂ ਕੁਬੇਰ ਦਾ ਖਜ਼ਾਨਾ ਵੇਖ ਰਹੇ ਹੋਣ। ਇਕ-ਦੋ ਨਹੀਂ, ਨੋਟ ਗਿਣਨ ਵਾਲੀਆਂ ਕੁੱਲ 40 ਮਸ਼ੀਨਾਂ ਲਗਾਤਾਰ ਬਰਾਮਦ ਕੀਤੇ ਗਏ ਕਾਲੇ ਧਨ ਨੂੰ ਗਿਣ ਰਹੀਆਂ ਹਨ। ਹੁਣ ਤੱਕ ਲਗਭਗ 300 ਕਰੋੜ ਰੁਪਏ ਗਿਣੇ ਜਾ ਚੁੱਕੇ ਹਨ ਪਰ ਇਹ ਆਖ਼ਰੀ ਅੰਕੜਾ ਨਹੀਂ ਹੈ। ਕਈ ਕਮਰੇ ਅਤੇ ਲਾਕਰ ਅਜੇ ਖੁੱਲ੍ਹੇ ਵੀ ਨਹੀਂ ਹਨ। ਅਜਿਹੇ ’ਚ ਇਸ ਛਾਪੇਮਾਰੀ ਨੇ ਇਤਿਹਾਸ ਰਚ ਦਿੱਤਾ ਹੈ।
ਆਮਦਨ ਕਰ ਵਿਭਾਗ ਨੇ ਧੀਰਜ ਸਾਹੂ ਦੇ ਟਿਕਾਣਿਆਂ ਅਤੇ ਉਸ ਨਾਲ ਜੁੜੀਆਂ ਫਰਮਾਂ ’ਤੇ ਛਾਪੇਮਾਰੀ ਕੀਤੀ ਹੈ। ਅਧਿਕਾਰਕ ਸੂਤਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਕਿਸੇ ਵੀ ਏਜੰਸੀ ਵੱਲੋਂ ਇਕ ਹੀ ਆਪ੍ਰੇਸ਼ਨ ’ਚ ਕਾਲੇ ਧਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਕਿਸੇ ਇਕ ਸਮੂਹ ਅਤੇ ਉਸ ਨਾਲ ਜੁੜੇ ਸੰਸਥਾਨਾਂ ਖਿਲਾਫ ਕਾਰਵਾਈ ਤਹਿਤ ਦੇਸ਼ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਕਦੀ ਜ਼ਬਤੀ ਹੈ। ਅਜਿਹਾ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ।
ਆਮਦਨ ਕਰ ਵਿਭਾਗ ਦੀ ਇਹ ਛਾਪੇਮਾਰੀ ਕਈ ਥਾਵਾਂ ’ਤੇ ਇਕੋ ਸਮੇਂ ਚੱਲ ਰਹੀ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਪੈਸੇ ’ਚ ਜ਼ਿਆਦਾਤਰ 500 ਰੁਪਏ ਦੇ ਨੋਟ ਹਨ। ਇਹ ਕੰਮ ਕੁਝ ਬੈਂਕਾਂ ਦੇ ਲਗਭਗ 50 ਕਰਮਚਾਰੀ ਅਤੇ ਏਜੰਸੀ ਦੇ ਅਧਿਕਾਰੀ ਮਿਲ ਕੇ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਜੋ ਜ਼ਬਤ ਕੀਤੀ ਨਕਦੀ ਨੂੰ ਬੈਂਕ ਤੱਕ ਪਹੁੰਚਾ ਰਹੀਆਂ ਹਨ।
ਅਜੇ ਬਚੇ ਹਨ 7 ਕਮਰੇ ਅਤੇ 9 ਲਾਕਰ—-ਸੂਤਰਾਂ ਨੇ ਦੱਸਿਆ ਕਿ ਓਡਿਸ਼ਾ ਦੇ ਬੋਲਾਂਗੀਰ ਜ਼ਿਲੇ ’ਚ ਸ਼ਰਾਬ ਕੰਪਨੀ (ਬਲਦੇਵ ਸਾਹੂ ਐਂਡ ਗਰੁੱਪ ਆਫ ਕੰਪਨੀਜ਼) ਦੇ ਕੰਪਲੈਕਸ ’ਚ ਰੱਖੀਆਂ 8-10 ਅਲਮਾਰੀਆਂ ’ਚੋਂ ਲਗਭਗ 230 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਬਾਕੀ ਪੈਸੇ ਓਡਿਸ਼ਾ ਅਤੇ ਰਾਂਚੀ ਦੇ ਹੋਰ ਟਿਕਾਣਿਆਂ ਤੋਂ ਜ਼ਬਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੀ ਟੀਮ ਨੇ ਧੀਰਜ ਸਾਹੂ ਦੇ ਘਰ ’ਚੋਂ ਜਿਊਲਰੀ’ ਦੇ ਤਿੰਨ ਸੂਟਕੇਸ ਵੀ ਬਰਾਮਦ ਕੀਤੇ ਸਨ।
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਜੇ ਵੀ ਤਿੰਨ ਟਿਕਣਿਆਂ ਦੇ 7 ਕਮਰਿਆਂ ਅਤੇ 9 ਲਾਕਰਾਂ ਦੀ ਤਲਾਸ਼ੀ ਬਾਕੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਨ੍ਹਾਂ ਥਾਵਾਂ ’ਤੇ ਵੀ ਨਕਦੀ ਅਤੇ ਜਿਊਲਰੀ ਮਿਲ ਸਕਦੀ ਹੈ।
ਸੂਤਰਾਂ ਨੇ ਦੱਸਿਆ ਕਿ ਟੈਕਸ ਅਧਿਕਾਰੀ ਹੁਣ ਕੰਪਨੀ ਦੇ ਵੱਖ-ਵੱਖ ਅਧਿਕਾਰੀਆਂ ਅਤੇ ਇਸ ਨਾਲ ਜੁੜੇ ਹੋਰ ਲੋਕਾਂ ਦੇ ਬਿਆਨ ਦਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਨੀਵਾਰ ਤੱਕ ਨਕਦੀ ਦੀ ਗਿਣਤੀ ਪੂਰੀ ਹੋਣ ਦੀ ਉਮੀਦ ਹੈ।
500 ਕਰੋੜ ਰੁਪਏ ਤੱਕ ਜਾ ਸਕਦਾ ਹੈ ਅੰਕੜਾ—ਆਮਦਨ ਕਰ ਵਿਭਾਗ ਦੀ ਛਾਪੇਮਾਰੀ ’ਚ ਹੁਣ ਤੱਕ ਜੋ ਨਕਦੀ ਅਤੇ ਜਿਊਲਰੀ ਬਰਾਮਦ ਹੋਈ ਹੈ ਅਤੇ 136 ਹੋਰ ਬੈਗ ਕੈਸ਼ ਦੀ ਹੋਰ ਗਿਣਤੀ ਤੋਂ ਬਾਕੀ ਹੈ, ਉਸ ਤੋਂ ਲੱਗਦਾ ਹੈ ਕਿ ਕੁੱਲ ਮਿਲਾ ਕੇ (ਜਿਊਵੈਲਰੀ+ਕੈਸ਼) ਇਹ ਅੰਕੜਾ 500 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।
40 ਮਸ਼ੀਨਾਂ ਲੱਗੀਆਂ ਹਨ ਕੈਸ਼ ਗਿਣਨ—–ਓਡਿਸ਼ਾ ’ਚ ਉਨ੍ਹਾਂ ਦੇ ਟਿਟਲਾਗੜ੍ਹ, ਬੋਲਾਂਗੀਰ ਅਤੇ ਸੰਬਲਪੁਰ ਸਥਿਤ ਟਿਕਾਣਿਆਂ ’ਚ 30 ਤੋਂ ਵੱਧ ਅਲਮਾਰੀਆਂ ’ਚ ਕੈਸ਼ ਰੱਖਿਆ ਗਿਆ ਸੀ। ਇਨ੍ਹਾਂ ਨੋਟਾਂ ਦੀ ਗਿਣਤੀ ਲਈ 40 ਵੱਡੀਆਂ ਅਤੇ ਛੋਟੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਟੈਕਸ ਚੋਰੀ ਦੇ ਮਾਮਲੇ ’ਚ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ, ਦਫਤਰਾਂ ਅਤੇ ਫੈਕਟਰੀਆਂ ’ਤੇ 6 ਦਸੰਬਰ ਨੂੰ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ।
ਕੌਣ ਹਨ ਧੀਰਜ ਪ੍ਰਸਾਦ ਸਾਹੂ?——-ਧੀਰਜ ਪ੍ਰਸਾਦ ਸਾਹੂ ਦਾ ਜਨਮ 23 ਨਵੰਬਰ, 1955 ਨੂੰ ਰਾਂਚੀ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਏ ਸਾਹਿਬ ਬਲਦੇਵ ਸਾਹੂ ਅਤੇ ਮਾਤਾ ਦਾ ਨਾਮ ਸੁਸ਼ੀਲਾ ਦੇਵੀ ਹੈ। ਧੀਰਜ ਸਾਹੂ ਤਿੰਨ ਵਾਰ ਦੇ ਰਾਜ ਸਭਾ ਮੈਂਬਰ ਹਨ। ਉਹ ਸਾਲ 2009 ’ਚ ਪਹਿਲੀ ਵਾਰ ਸੰਸਦ ਦੇ ਉਪਰਲੇ ਸਦਨ ’ਚ ਪਹੁੰਚੇ। ਇਸ ਤੋਂ ਬਾਅਦ, ਉਹ ਜੁਲਾਈ 2010 ’ਚ ਫਿਰ ਤੋਂ ਰਾਜ ਸਭਾ ਪਹੁੰਚੇ। ਤੀਜੀ ਵਾਰ ਉਹ ਮਈ 2018 ’ਚ ਝਾਰਖੰਡ ਤੋਂ ਰਾਜ ਸਭਾ ਮੈਂਬਰ ਚੁਣੇ ਗਏ।