ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਭਾਰਤ ਵਾਸੀਆਂ ਨਾਲ ਸੰਪਰਕ ਵਧਾਉਣ ਦੇ ਮਨੋਰਥ ਨਾਲ ਪਿਛਲੇ ਸਾਲ 1 ਲੱਖ 40 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਵੀਜ਼ਾ ਲਈ ਇੰਟਰਵਿਊ ਵਾਸਤੇ ਵੇਟਿੰਗ ਪੀਰੀਅਡ ਨੂੰ ਘੱਟ ਕਰਨ ਲਈ ਕਈ ਕਦਮ ਚੁੱਕ ਰਿਹਾ ਹੈ।
ਵੀਜ਼ਾ ਸੇਵਾਵਾਂ ਲਈ ਉੱਪ-ਸਹਾਇਕ ਵਿਦੇਸ਼ ਮੰਤਰੀ ਜੂਲੀ ਸਟਫਟ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਭਾਰਤ ਵਿਚ ਅਮਰੀਕੀ ਮਿਸ਼ਨ ਨੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਇੰਟਰਿਵਊ ਲੈ ਲਈ ਜਾਵੇ।
ਅਨੁਮਾਨ ਨਾਲੋਂ 20 ਲੱਖ ਵੱਧ ਵੀਜ਼ਾ ਜਾਰੀ—-ਉੱਪ-ਸਹਾਇਕ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਸਾਲ ਅਮਰੀਕਾ ਨੇ ਭਾਰਤ ਤੋਂ ਆ ਰਹੀਆਂ ਮੰਗਾਂ ਪੂਰੀਆਂ ਕਰਨ ਲਈ ਅਣਥੱਕ ਯਤਨ ਕੀਤੇ। ਅਸੀਂ ਇਸ ਸਾਲ ਭਾਰਤ ਵਿਚ ਜੋ ਕੀਤਾ, ਉਸ ਦਾ ਸਾਨੂੰ ਅਸਲ ’ਚ ਮਾਣ ਹੈ। ਮੇਰਾ ਮੰਨਣਾ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਅਸੀਂ ਭਾਰਤ ’ਚ 10 ਲੱਖ ਵੀਜ਼ਾ ਜਾਰੀ ਕਰਨ ਦਾ ਟੀਚਾ ਰੱਖਿਆ ਅਤੇ ਨਾ ਸਿਰਫ਼ ਇਸ ਨੂੰ ਪੂਰਾ ਕੀਤਾ, ਸਗੋਂ ਇਹ ਕੰਮ ਕਈ ਮਹੀਨੇ ਪਹਿਲਾਂ ਹੀ ਕਰ ਲਿਆ। ਸਟਫਟ ਨੇ ਕਿਹਾ ਕਿ ਭਾਰਤ ਤੋਂ ਇਸ ਸਾਲ ਅਮਰੀਕਾ ਆਉਣ ਵਾਲੇ ਕਾਮਿਆਂ, ਚਾਲਕ ਦਲ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਰਿਕਾਰਡ ਗਿਣਤੀ ਵਿਚ ਮਿਲੀਆਂ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਵੀਜ਼ਾ ਲਈ ਇੰਟਰਵਿਊ ਵਾਸਤੇ ਵੇਟਿੰਗ ਪੀਰੀਅਡ ਘੱਟ ਕਰਨ ਲਈ ਕਦਮ ਚੁੱਕ ਰਿਹਾ ਹੈ। ਦੇਸ਼ ਨੇ ਇਸ ਸਾਲ ਹੁਣ ਤਕ ਇਕ ਕਰੋੜ ਤੋਂ ਵੱਧ ਵੀਜ਼ਾ ਜਾਰੀ ਕੀਤੇ ਹਨ, ਜੋਕਿ ਉਸ ਦੇ ਅਨੁਮਾਨ ਨਾਲੋਂ 20 ਲੱਖ ਵੱਧ ਹਨ ਅਤੇ ਇਹ ਉਸ ਦੇ ਵਿਦੇਸ਼ੀ ਮਿਸ਼ਨਾਂ ਲਈ ਹੁਣ ਤਕ ਦੀ ਸਭ ਤੋਂ ਵੱਡੀ ਵੀਜ਼ਾ ਗਿਣਤੀ ਹੈ। 2024 ਲਈ ਵੇਟਿੰਗ ਪੀਰੀਅਡ ਨੂੰ ਘੱਟ ਕਰਨ ਦੇ ਮਨੋਰਥ ਨਾਲ ਅਮਰੀਕਾ ਹੁਣ ਵੀ ਬਹੁਤ ਮਿਹਨਤ ਕਰ ਰਿਹਾ ਹੈ।