ਸੂਬੇ ‘ਚ ਸਰਦ ਰੁੱਤ ਦੇ ਸ਼ੁਰੂ ਹੋਣ ਨਾਲ ਮੌਸਮ ‘ਚ ਠੰਡਕ ਮਹਿਸੂਸ ਹੋਣ ਲੱਗੀ ਹੈ। ਰਾਤ ਦੇ ਸਮੇਂ ਤਾਪਮਾਨ ਹੇਠਾਂ ਡਿੱਗ ਜਾਂਦਾ ਹੈ ਅਤੇ ਠੰਡ ਦਾ ਅਹਿਸਾਸ ਹੋਣ ਲੱਗਦਾ ਹੈ। ਉੱਥੇ ਹੀ ਦੁਪਹਿਰ ਦੇ ਸਮੇਂ ਖਿੜਖੜਾਉਂਦੀ ਧੁੱਪ ‘ਚ ਹਲਕੀ ਤਪਸ਼ ਮਹਿਸੂਸ ਹੁੰਦੀ ਹੈ ਅਤੇ ਮੌਸਮ ਮੱਧਮ ਜਿਹਾ ਬਣਿਆ ਹੋਇਆ ਹੈ ਕਿ ਨਾ ਠੰਡ ਅਤੇ ਨਾ ਹੀ ਗਰਮੀ ਹੈ। ਇਸੇ ਦਰਮਿਆਨ ਲੋਕਾਂ ਨੇ ਸਰਦੀ ਦੇ ਹਲਕੇ ਮੋਟੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਇਸ ਹਲਕੇ ਠੰਡੇ ਮੌਸਮ ‘ਚ ਮੁਟਿਆਰਾਂ ਆਈਸਕ੍ਰੀਮ ਦਾ ਆਨੰਦ ਲੈਂਦੀਆਂ ਦਿਖੀਆਂ। ਸ਼ਾਮ ਨੂੰ ਹਲਕੀ ਧੁੰਦ ਡਿੱਗਣ ਕਾਰਨ ਮੌਸਮ ਠੰਡਾ ਜਿਹਾ ਮਹਿਸੂਸ ਹੁੰਦਾ, ਜਿਸ ਨਾਲ ਵਾਹਨਾਂ ਦੀ ਰਫ਼ਤਾਰ ਵੀ ਥੋੜ੍ਹੀ ਧੀਮੀ ਪੈ ਜਾਂਦੀ ਹੈ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ‘ਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਬਣਿਆ ਰਹੇਗਾ।
ਆਉਣ ਵਾਲੇ 24 ਘੰਟਿਆਂ ‘ਚ ਮੌਸਮ ਰਹੇਗਾ ਖ਼ੁਸ਼ਕ—-ਪੀ. ਏ. ਯੂ. ਐਗਰੋਮੈਂਟ ਅਬਜਰਵੇਟਰੀ ਤੋਂ ਮਿਲੀ ਰਿਪੋਰਟ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਸਣੇ ਨੇੜੇ ਦੇ ਖੇਤਰਾਂ ‘ਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਬੀਤੇ ਦਿਨ ਘੱਟੋ-ਘੱਟ ਤਾਪਮਾਨ ਦਾ ਪਾਰਾ 11.8 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 26.0 ਡਿਗਰੀ ਸੈਲਸੀਅਸ, ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 95 ਫ਼ੀਸਦੀ ਅਤੇ ਸ਼ਾਮ ਨੂੰ ਹਵਾ ਵਿਚ ਨਮੀ ਦੀ ਮਾਤਰਾ 43 ਫ਼ੀਸਦੀ ਰਿਕਾਰਡ ਕੀਤੀ ਗਈ।ਇਸੇ ਤਰ੍ਹਾਂ ਦਿਨ ਦੀ ਲੰਬਾਈ 10 ਘੰਟੇ 37 ਮਿੰਟ ਰਹੀ। ਮੌਸਮ ਖ਼ੁਸ਼ਕ ਰਹਿਣ ਦੇ ਚੱਲਦੇ ਕਿਸਾਨ ਵੀ ਆਪਣੇ ਖੇਤਾਂ ਹੋਰ ਕੰਮਾਂ ਨੂੰ ਪੂਰਾ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਪੰਜਾਬ ‘ਚ ਸਵੇਰ ਅਤੇ ਸ਼ਾਮ ਦੇ ਸਮੇਂ ਹਲਕੀ ਠੰਡ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਦਿਨ ਤੇ ਰਾਤ ਦਾ ਤਾਪਮਾਨ ਡਿੱਗਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ, ਗੁਰਦਾਸਪੁਰ ਅਤੇ ਨਵਾਂਸ਼ਹਿਰ ‘ਚ ਰਾਤ ਦਾ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵਿਭਾਗ ਮੁਤਾਬਕ ਪੰਜਾਬ ‘ਚ ਸਰਗਰਮ ਹੋਣ ਜਾ ਰਹੀ ਪੱਛਮੀ ਗੜਬੜੀ ਕਾਰਨ ਮੌਸਮ ‘ਚ ਬਦਲਾਅ ਹੋਵੇਗਾ ਅਤੇ ਕੁੱਝ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।