ਜੰਮੂ-ਕਸ਼ਮੀਰ ‘ਚ ਡੋਡਾ ਬੱਸ ਹਾਦਸੇ ‘ਚ 38 ਦੀ……

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਨੇੜੇ 200 ਮੀਟਰ ਹੇਠਾਂ ਬੱਸ ਖੱਡ ‘ਚ ਡਿੱਗਣ ਕਾਰਨ 38 ਯਾਤਰੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸ਼ਤਵਾੜ ਤੋਂ ਜੰਮੂ ਜਾ ਰਹੀ ਬੱਸ ਅੱਸਾਰ ਇਲਾਕੇ ਦੇ ਤਰੰਗਲ ਨੇੜੇ ਸੜਕ ਤੋਂ ਬੇਕਾਬੂ ਹੋ ਕੇ ਢਲਾਨ ਤੋਂ ਹੇਠਾਂ ਡਿੱਗ ਗਈ। ਬੱਸ ਵਿੱਚ 55 ਯਾਤਰੀ ਸਵਾਰ ਸਨ।

ਪੁਲਿਸ ਅਤੇ ਬਚਾਅ ਦਲਾਂ ਸਮੇਤ ਸਥਾਨਕ ਅਧਿਕਾਰੀ ਬਚਾਅ ਕਾਰਜ ਸ਼ੁਰੂ ਕਰਨ ਅਤੇ ਤ੍ਰਾਸਦੀ ਦੀ ਹੱਦ ਦਾ ਮੁਲਾਂਕਣ ਕਰਨ ਲਈ ਘਟਨਾ ਸਥਾਨ ‘ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ, ਡੋਡਾ ਦੇ ਪੁਲਿਸ ਕੰਟਰੋਲ ਰੂਮ ਤੋਂ ਮੁਢਲੀਆਂ ਰਿਪੋਰਟਾਂ ਅਨੁਸਾਰ ਕਿਹਾ ਗਿਆ ਸੀ ਕਿ ਮਰਨ ਵਾਲਿਆਂ ਦੀ ਗਿਣਤੀ 20 ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।

ਪੁਲਿਸ ਕੰਟਰੋਲ ਰੂਮ ਡੋਡਾ ਦੇ ਇੱਕ ਪੁਲਿਸ ਅਧਿਕਾਰੀ ਨੇ ਪਹਿਲਾਂ ਦੱਸਿਆ ਸੀ, “ਇੱਕ ਯਾਤਰੀ ਬੱਸ ਕਿਸ਼ਤਵਾੜ ਤੋਂ ਜੰਮੂ ਜਾ ਰਹੀ ਸੀ, ਸੜਕ ਤੋਂ ਉਲਟ ਗਈ ਅਤੇ ਡੋਡਾ ਜ਼ਿਲੇ ਦੇ ਅੱਸਾਰ ਖੇਤਰ ਵਿੱਚ ਤ੍ਰਿੰਗਲ ਨੇੜੇ ਇੱਕ ਹੋਰ ਸੜਕ ਉੱਤੇ 200 ਮੀਟਰ ਹੇਠਾਂ ਡਿੱਗ ਗਈ। 10 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ।” ਅਧਿਕਾਰੀਆਂ ਨੇ ਅੱਗੇ ਕਿਹਾ, “ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਸਿਹਤ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ ਹੈ।”

ਐੱਸ.ਐੱਸ.ਪੀ ਡੋਡਾ ਅਬਦੁਲ ਕਯੂਮ ਨੇ ਬਾਅਦ ਵਿੱਚ ਦੱਸਿਆ ਕਿ ਇਸ ਘਟਨਾ ਵਿੱਚ ਹੁਣ ਤੱਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟਾਈ ਹੈ।

ਉਨ੍ਹਾਂ ਕਿਹਾ, “ਅੱਸਾਰ, ਡੋਡਾ ਵਿੱਚ ਇੱਕ ਦਰਦਨਾਕ ਬੱਸ ਹਾਦਸੇ ਵਿੱਚ ਹੋਇਆ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ ਅਤੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪ੍ਰਭਾਵਿਤ ਲੋਕਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।”

ਪ੍ਰਧਾਨ ਮੰਤਰੀ ਮੋਦੀ ਨੇ ਵੀ ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਵਾਪਰੇ ਬੱਸ ਹਾਦਸੇ ਦੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਿਰ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ …..

Leave a comment

Your email address will not be published. Required fields are marked *