ਮੈਨੂੰ ਤੇ ਭਗਵੰਤ ਮਾਨ ਨੂੰ ਕਮਰੇ ‘ਚ ਬੰਦ ਕਰ ਦਿਓ

ਪੰਜਾਬ ਦੇ ਮੱਦਿਆਂ ਬਾਰੇ ਇਕ ਨਵੰਬਰ ਨੂੰ ਹੋ ਰਹੀ ਬਹਿਸ ਨੂੰ ਲੈ ਕੇ ਸੂਬੇ ਦੀ ਸਿਆਸਤ ਭਖੀ ਹੋਈ ਹੈ। ਆਮ ਆਦਮੀ ਪਾਰਟੀ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਲਗਾਤਾਰ ਘੇਰਿਆ ਹੋਇਆ ਹੈ।ਇਧਰ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਰਿਲੀਵ ਕਰ ਦਿੱਤਾ ਗਿਆ ਹੈ। ਪਹਿਲੀ ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਪਹਿਲਾਂ ਸੀ.ਐਮ ਮਾਨ ਸਰਕਾਰ ਸ਼ਹਿਰ ‘ਚ ਸ਼ਿਕੰਜਾ ਕੱਸਣ ਦੀ ਤਿਆਰੀ ‘ਚ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਇਸ ਬਹਿਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ। ਬੰਦ ਆਡੀਟੋਰੀਅਮ ਵਿੱਚ ਹੋਣ ਵਾਲੀ ਇਹ ਬਹਿਸ ਕੈਮਰਿਆਂ ਤੱਕ ਹੀ ਰਹੇਗੀ। ਜਾਖੜ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਬਹਿਸ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਅਤੇ ਭਗਵੰਤ ਮਾਨ ਨੂੰ ਇਕ ਕਮਰੇ ‘ਚ ਬੰਦ ਕਰ ਦਿਓ, ਅਸੀਂ ਕਬੱਡੀ-ਕਬੱਡੀ ਖੇਡਾਂਗੇ ਅਤੇ ਜੋ ਜਿੱਤੇਗਾ ਉਹ ਦਰਵਾਜ਼ਾ ਖੋਲ੍ਹ ਕੇ ਸਹੀ-ਸਲਾਮਤ ਬਾਹਰ ਆ ਜਾਵੇਗਾ।

‘ਮੇਰੀ ਮਿੱਟੀ ਮੇਰਾ ਦੇਸ਼’ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਲੁਧਿਆਣਾ ਆਏ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਬਹਿਸ ਕਰਨੀ ਹੈ ਤਾਂ ਖੁੱਲ੍ਹ ਕੇ ਕਰੋ।ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਹੇਠਲੇ ਪੱਧਰ ਦੀ ਸਿਆਸਤ ਕਰਦਿਆਂ ਅੱਜ ਪੰਜਾਬ ਦੇ ਗੰਭੀਰ ਮੁੱਦਿਆਂ ਦਾ ਮਖੌਲ ਉਡਾਇਆ ਹੈ ਜਿਸ ਲਈ ਪੰਜਾਬੀ ਕਦੇ ਵੀ ਉਨ੍ਹਾਂ ਨੂੰ ਮਾਫ ਨਹੀਂ ਕਰਣਗੇ।

ਜਾਖੜ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ਨੂੰ ਭੁਲਾ ਕੇ ਮੁੱਖ ਮੰਤਰੀ ਨੇ ਨਾ ਕੇਵਲ ਪੰਜਾਬ ਨਾਲ ਧੋਖਾ ਕੀਤਾ ਹੈ ਸਗੋਂ ਜਿੰਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟ ਪਾ ਕੇ ਮੁੱਖ ਮੰਤਰੀ ਬਣਾਇਆ ਸੀ ਉਨ੍ਹਾਂ ਦੇ ਵਿਸਵਾਸ਼ ਨਾਲ ਵੀ ਧ੍ਰੋਹ ਕੀਤਾ ਹੈ ਅਤੇ ਸਰਕਾਰ ਨੇ ਵਿਰੋਧੀ ਆਗੂਆਂ ਨੂੰ ਇਸ ਬਹਿਸ ਤੋਂ ਦੂਰ ਰੱਖਣ ਲਈ ਹਰ ਜਾਇਜ ਨਜਾਇਜ ਹੀਲਾ ਵਰਤਿਆ ਹੈ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਭਾਸ਼ਾ ਦੇ ਨੀਵੇਂ ਮਿਆਰ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਭੰਗ ਕੀਤੀ ਹੈ। ਉਨ੍ਹਾਂ ਨੇ ਵਿਧਾਨ ਸਭਾ ਦੇ ਪਿੱਛਲੇ ਸੈਸ਼ਨ ਦਾ ਜਿਕਰ ਕਰਦਿਆਂ ਯਾਦ ਕਰਵਾਇਆ ਕਿ ਕਿਸ ਤਰਾਂ ਮੁੱਖ ਮੰਤਰੀ ਵਿਰੋਧੀ ਧਿਰ ਦੇ ਆਗੂ ਨੂੰ ਤੂੰ ਕਹਿ ਕੇ ਸੰਬੋਧਨ ਹੋ ਰਹੇ ਸਨ।ਜਾਖੜ ਨੇ ਕਿਹਾ ਕਿ 2 ਦਿਨ ਰੁਕੋ। ਅਰਵਿੰਦ ਕੇਜਰੀਵਾਲ ਦੀ ਈਡੀ ਸਨਮੁੱਖ ਪੇਸ਼ੀ ਦੇ ਨਤੀਜੇ ਸਾਹਮਣੇ ਆਉਣ ਦਿਓ ਤਾਂ ਪੰਜਾਬ ਦੇ ਲੋਕ ਤੁਹਾਡੀ ਪਾਰਟੀ ਦੇ ਛਲਾਵੇ ਦਾ ਸੱਚ ਜਾਣ ਜਾਣਗੇ।

Leave a comment

Your email address will not be published. Required fields are marked *