ਭਗਵੰਤ ਮਾਨ ਦੀ ਪੁਲਿਸ ਕਿੱਥੇ ਹੈ….

ਰੂਪਨਗਰ ‘ਚ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ।ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਨਿਯੁਕਤ ਹੋਣ ਦੇ ਬਾਵਜੂਦ ਸਟੇਸ਼ਨ ਅਲਾਟ ਨਾ ਕੀਤੇ ਜਾਣ ‘ਤੇ ਨਾਰਾਜ਼ ਸਨ।
ਉਹ ਰੂਪਨਗਰ ਦੇ ਪਿੰਡ ਬਸੀ ਦੇ ਰਹਿਣ ਵਾਲੇ ਸਨ ਅਤੇ ਰਾਜਨੀਤੀ ਸ਼ਾਸਤਰ ਪੜ੍ਹਾਉਂਦੇ ਸਨ। ਮ੍ਰਿਤਕਾ ਦੀ ਲਾਸ਼ ਸਰਹੰਦ ਨਹਿਰ ਦੇ ਵਿੱਚੋਂ ਪਿੰਡ ਰੈਲੋਂ ਨਜਦੀਕ ਤੋਂ ਮਿਲੀ ਸੀ।

ਜਿਸ ਤੋਂ ਬਾਅਦ ਪਰਿਵਾਰ, ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂ ਰੂਪਨਗਰ ਸਿਵਲ ਹਸਪਤਾਲ ਦੀ ਮੌਰਚਰੀ (ਜਿੱਥੇ ਮ੍ਰਿਤਕਾ ਦੀ ਲਾਸ਼ ਰੱਖੀ ਗਈ ਹੈ) ਦੇ ਬਾਹਰ ਇਨਸਾਫ਼ ਦੀ ਮੰਗ ਕਰਦਿਆਂ ਧਰਨਾ ਦੇ ਰਹੇ ਹਨ।ਧਰਨੇ ’ਤੇ ਬੈਠੀਆਂ ਜਥੇਬੰਦੀਆਂ ਦੇ ਮੈਂਬਰ ਅਤੇ ਪਰਿਵਾਰਕ ਮੈਂਬਰਾਂ ਦੇ ਵਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਇਨਸਾਫ਼ ਲਈ ਮੰਗ ਕਰਦਿਆਂ ਇੱਕ ਪੱਤਰ ਰਾਜਪਾਲ ਨੂੰ ਸੋਂਪਿਆ ਗਿਆ ਹੈ।ਬਲਵਿੰਦਰ ਆਪਣੇ ਸਾਥੀਆਂ ਸਮੇਤ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਧਰਨੇ ’ਤੇ ਬੈਠੀ ਹੋਏ ਸਨ।

ਇਸੇ ਦੌਰਾਨ ਉਨ੍ਹਾਂ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ।ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਕੌਰ ਨੇ ਮਰਨ ਤੋਂ ਪਹਿਲਾਂ ਇੱਕ ਕਥਿਤ ਸੁਸਾਈਡ ਨੋਟ ਵੀ ਲਿਖਿਆ ਸੀ, ਜੋ ਵਾਇਰਲ ਹੋ ਰਿਹਾ ਹੈ।ਦੂਜੇ ਪਾਸੇ, ਪੁਲਿਸ ਨੇ ਸਹਾਇਕ ਪ੍ਰੋਫੈਸਰ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਰੂਪਨਗਰ ਦੇ ਐੱਸਐਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਹੋਵੇਗੀ।

Leave a comment

Your email address will not be published. Required fields are marked *