ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਭਾਰਤ ਤੋਂ ਲੈ ਕੇ ਕੈਨੇਡਾ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਉਹ ਗੈਂਗਸਟਰ ਹੈ ਪਰ ਕੈਨੇਡਾ ਦੀ ਪੁਲਿਸ ਕੋਲ ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ। ਇਹ ਵੀ ਖੁਲਾਸਾ ਹੋਇਆ ਹੈ ਕਿ ਗੋਲਡੀ ਬਰਾੜ ਨੂੰ ਕੈਨੇਡਾ ਵਿੱਚ ਲੱਭਣਾ ਵੀ ਸੌਖਾ ਨਹੀਂ ਕਿਉਂਕਿ ਇਸ ਨਾਂ ਦਾ ਬੰਦਾ ਰਿਕਾਰਡ ਵਿੱਚ ਹੈ ਹੀ ਨਹੀਂ।
ਕੈਨੇਡਾ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਗੋਲਡੀ ਬਰਾੜ ਨਾਮ ਵਾਲੇ ਵਿਅਕਤੀ ਬਾਰੇ ਕਿਧਰੇ ਵੀ ਕੋਈ ਜਾਣਕਾਰੀ ਜਾਂ ਹਵਾਲਾ ਨਹੀਂ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਰਕੇ ਇਸ ਨਾਮ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਕੈਨੇਡਾ ਪੁਲਿਸ ਵੀ ਚੌਕਸ ਹੈ ਪਰ ਇਸ ਨਾਂ ਦੇ ਬੰਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਕੈਨੇਡੀਅਨ ਪੁਲਿਸ ਦੇ ਸੂਤਰਾਂ ਮੁਤਾਬਕ ਬਰਾੜ ਗੋਤ ਵਾਲੇ ਚਾਰ ਕੁ ਦਰਜਨ ਨਾਂ ਪੁਲਿਸ ਰਿਕਾਰਡ ਵਿੱਚ ਹਨ ਪਰ ਇਨ੍ਹਾਂ ’ਚੋਂ ਕਿਸੇ ਦਾ ਨਾਮ ਗੋਲਡੀ ਨਹੀਂ। ਉਸ ਦਾ ਅਸਲ ਨਾਮ ਕੁਝ ਹੋਰ ਹੋ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਉਸ ਦੀ ਜਨਮ ਮਿਤੀ ਜਾਂ ਕੋਈ ਸਰੀਰਕ ਨਿਸ਼ਾਨੀ ਮਿਲੇ ਤਾਂ ਕੁਝ ਪਤਾ ਲੱਗ ਸਕਦਾ ਹੈ, ਪਰ ਉਹ ਵੀ ਤਾਂ ਜੇ ਉਹ ਕੈਨੇਡਾ ਵਿੱਚ ਕਿਸੇ ਅਪਰਾਧਕ ਗਤੀਵਿਧੀ ਵਿੱਚ ਸ਼ਾਮਲ ਰਿਹਾ ਹੋਵੇ।
ਮੂਸੇਵਾਲਾ ਕਤਲਕਾਂਡ ‘ਚ ਪੁਲਿਸ ਦੀ ਜਾਂਚ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਦੀ ਥਾਰ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ। ਇਹ ਉਹੀ ਥਾਰ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਆਖਰੀ ਵਾਰ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਨਿਕਲਿਆ ਸੀ। ਹਾਲਾਂਕਿ ਇਸ ਗੱਡੀ ‘ਚ ਸਵਾਰ ਸਿੱਧੂ ਦਾ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।