ਹਰਸਿਮਰਤ ਬਾਦਲ ਨੇ ਘੇਰੀ ‘ਆਪ’ ਸਰਕਾਰ

ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਨ੍ਹੀਂ ਦਿਨੀਂ ਆਪਣੇ ਹਲਕੇ ਦੇ ਦੌਰੇ ‘ਤੇ ਹਨ। ਵੀਰਵਾਰ ਨੂੰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਹਲਕੇ ਦੇ ਪਿੰਡ ਭਾਈ ਦੇਸਾ, ਬੇਣੀਵਾਗਾ, ਜੱਸੜਵਾਲ, ਹੋਡਲਾ ਕਲਾ ਅਤੇ ਹਮੀਰਗੜ੍ਹ ਡੀ.ਪੀ. ਦਾ ਦੌਰਾ ਕੀਤਾ।

ਜਿੱਥੇ ਉਨ੍ਹਾਂ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਧੋਖਾ ਕਰ ਰਹੀ ਹੈ। ਸਾਡੇ ਕਾਰਜਕਾਲ ਦੌਰਾਨ ਸਾਡੀ ਸਰਕਾਰ ਨੇ ਹਰ ਘਰ ਵਿੱਚ ਸਹੂਲਤਾਂ ਦੇਣ ਦੀ ਗੱਲ ਕੀਤੀ ਸੀ। ਪਰ ਮਾਨ ਸਰਕਾਰ ਨਸ਼ੇ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਵੀ ED ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਪਰਦਾਫਾਸ਼ ਹੋ ਸਕੇ।

ਹਰਸਿਮਰਤ ਕੌਰ ਬਾਦਲ ਨੇ ਨਵ-ਨਿਯੁਕਤ ਐਡਵੋਕੇਟ ਜਰਨਲ ਪੰਜਾਬ ‘ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਐਡਵੋਕੇਟ ਜਨਰਲ ਨਹੀਂ ਚਲਾ ਸਕਦੀ ਤਾਂ ਪੰਜਾਬ ਨੂੰ ਕਿਵੇਂ ਸੰਭਾਲੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੰਬਰ ਵਨ ਦੀ ਬੇਈਮਾਨ ਸਰਕਾਰ ਹੈ। ਜਿਨ੍ਹਾਂ ਨੇ ਪਹਿਲਾਂ ਦਿੱਲੀ ਨੂੰ ਲੁੱਟਿਆ ਤੇ ਹੁਣ ਪੰਜਾਬ ਨੂੰ ਲੁੱਟ ਰਹੇ ਹਨ। ਦਿੱਲੀ ਵਿੱਚ ਸ਼ਰਾਬ ਘੁਟਾਲੇ ਰਾਹੀਂ ਹਜ਼ਾਰਾਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ। ਹੁਣ ਇਹੀ ਨੀਤੀ ਪੰਜਾਬ ਵਿੱਚ ਵੀ ਲਾਗੂ ਕੀਤੀ ਗਈ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਸ਼ੁਰੂ ਤੋਂ ਹੀ ਐਸ.ਵਾਈ.ਐਲ ਦਾ ਵਿਰੋਧ ਕਰਦੀ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਈ.ਡੀ. ਵੱਲੋਂ, ਉਸ ਤੋਂ ਪਹਿਲਾਂ ਸਿਸੋਦੀਆ ਅਤੇ ਫਿਰ ਸੰਜੇ ਸਿੰਘ ਨੂੰ ਉਕਤ ਸ਼ਰਾਬ ਨੀਤੀ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜੋ ਦਿੱਲੀ ਦੀ ‘ਆਪ’ ਸਰਕਾਰ ਨੇ ਲਾਗੂ ਕੀਤੀ ਸੀ, ਹੁਣ ‘ਆਪ’ ਸਰਕਾਰ ਚਾਹੁੰਦੀ ਹੈ ਕਿ ਉਹੀ ਸ਼ਰਾਬ ਨੀਤੀ ਪੰਜਾਬ ‘ਚ ਵੀ ਲਾਗੂ ਕੀਤੀ ਜਾਵੇ। ਜਿਸ ਕਾਰਨ ਪੰਜਾਬ ਦੀ ਜਵਾਨੀ ਨਸ਼ੇੜੀ ਹੋ ਜਾਵੇਗੀ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਦਿੱਲੀ ਦੀ ਹਰ ਗਲੀ ‘ਚ ਸ਼ਰਾਬ ਵਿਕ ਰਹੀ ਹੈ। ਹੁਣ ਪੰਜਾਬ ਵਿੱਚ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਹਮੇਸ਼ਾ ਪੰਜਾਬ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੀ ਹੈ। ਔਰਤਾਂ ਲਈ ਸ਼ਰਾਬ ਦੇ ਵੱਖਰੇ ਠੇਕਿਆਂ ਦਾ ਖੁੱਲ੍ਹਣਾ ਪੰਜਾਬ ਦੀ ਸਥਿਤੀ ਬਿਆਨ ਕਰਦਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

Leave a comment

Your email address will not be published. Required fields are marked *