ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ

ਜੇ ਕਿਧਰੇ ਕਿਸੇ ਦਾ ਜਲਦੀ ਵਿਆਹ ਕਰਨਾ ਹੋਵੇ ਤਾਂ ਸਿਆਣਿਆਂ ਨੂੰ ਅਕਸਰ ਕਹਿੰਦੇ ਸੁਣੀਦਾ ਕਿ ‘ਝੱਟ ਮੰਗਣੀ-ਪੱਟ ਵਿਆਹ’ ਹੋ ਜਾਵੇਗਾ ਪਰ ਜੇ ਕਿਧਰੇ ਕਿਸੇ ਦਾ ‘ਝੱਟ ਮੰਗਣੀ-ਪੱਟ ਵਿਆਹ’ ਹੋਇਆ ਹੋਵੇ ਤਾਂ 5ਵੇਂ ਦਿਨ ਤਲਾਕ ਹੋ ਜਾਵੇ ਤਾਂ ਕੀ ਇਹ ਕਹਿਣ ਲਈ ਮਜਬੂਰ ਤਾਂ ਨਹੀਂ ਹੋ ਜਾਵਾਂਗੇ ਕਿ ‘ਝੱਟ ਵਿਆਹ-ਪੱਟ ਤਲਾਕ’। ਜੀ ਹਾਂ! ਅਜਿਹਾ ਹੀ ਹੋਇਆ ਹੈ ਲੋਹੀਆਂ ਦੀ ਸਬ-ਤਹਿਸੀਲ ’ਚ ਜਦੋਂ ‘ਨਵ ਵਿਆਹੇ ਜੋੜੇ’ ਜਿਨ੍ਹਾਂ ਦਾ ਲੰਘੀ 24 ਸਤੰਬਰ ਨੂੰ ਹੀ ਵਿਆਹ ਹੋਇਆ ਸੀ

ਪਰ 29 ਸਤੰਬਰ ਨੂੰ ਦੋਹਾਂ ਜੀਆਂ ਨੇ ਦੋਵੇਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਮਿਲਣ ਤੋਂ ਪਹਿਲਾਂ ਹੀ ਵੱਖ-ਵੱਖ ਰਹਿਣ ਦਾ ਫ਼ੈਸਲਾ ਕਰ ਲਿਆ ਹੈ।ਇਸ ਸਬੰਧੀ ਲੋਹੀਆਂ ਦੀ ਸਬ-ਤਹਿਸੀਲ ’ਚ ਲਿਖੇ ਗਏ ਆਪਣੇ ਹਲਫ਼ੀਆ ਬਿਆਨ ’ਚ ਬਲਜਿੰਦਰ ਕੌਰ ਧਾਲੀਵਾਲ ਪੁੱਤਰੀ ਜੋਗਾ ਸਿੰਘ ਧਾਲੀਵਾਲ ਵਾਸੀ ਨਵਾਂ ਪਿੰਡ ਨੈਚਾਂ ਤਹਿਸੀਲ ਫਿਲੌਰ ਜਲੰਧਰ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਉਸ ਦੀ ਮਰਜ਼ੀ ਖ਼ਿਲਾਫ਼ ਵਿਆਹ ਕੀਤਾ ਹੈ।

ਇਸ ਲਈ ਉਹ ਆਪਣੇ ਸਹੁਰਾ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਮੌਕੇ ਉਸ ਨਾਲ ਮਾਂ ਰਾਣੀ, ਗੋਰਾਇਆ ਦੇ ਕੌਂਸਲਰ ਹਰਮੇਸ਼ ਲਾਲ, ਵਿਚੋਲਣ ਜਸਵੀਰ ਕੌਰ ਵੀ ਹਾਜ਼ਰ ਸਨ। ਇਸ ਸਬੰਧੀ ਲੜਕੇ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਬਾਦਸ਼ਾਹਪੁਰ (ਕਪੂਰਥਲਾ) ਹਾਲ ਵਾਸੀ ਪਿੰਡ ਨੱਲ੍ਹ ਤਹਿਸੀਲ ਸ਼ਾਹਕੋਟ (ਜਲੰਧਰ) ਨੇ ਕਿਹਾ ਕਿ ਉਹ ਵਿਦੇਸ਼ ’ਚ ਰਹਿੰਦਾ ਹੈ। ਵਿਆਹ ਦੇ ਪਹਿਲੇ ਦਿਨ ਤੋਂ ਹੀ ਕੁੜੀ ਨੇ ਹੋਰ ਦੋਸਤ ਹੋਣ ਕਾਰਨ ਉਸ ਨੂੰ ਛੱਡਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ।

ਇਸ ’ਤੇ ਉਨ੍ਹਾਂ ਦੇ ਸਾਂਝੇ ਰਿਸ਼ਤੇਦਾਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਪਰ ਕੁੜੀ ਨਹੀਂ ਮੰਨੀ, ਜਿਸ ਕਾਰਨ ਅੱਜ ਤੋੜ-ਵਿਛੋੜੇ ਦਾ ਇਹ ਹਲਫ਼ੀਆ ਬਿਆਨ ਲਿਖਣਾ ਪੈ ਰਿਹਾ ਹੈ। ਇਸ ਹਲਫ਼ੀਆ ਬਿਆਨ ’ਚ ਦੋਹਾਂ ਧਿਰਾਂ ਨੇ ਵਾਅਦਾ ਕੀਤਾ ਹੈ ਕਿ ਉਹ ਆਪਣਾ ਅਗਲਾ ਜੀਵਨ ਇਕੱਲੇ-ਇਕੱਲੇ ਬਿਤਾਉਣਗੇ। ਉਨ੍ਹਾਂ ਇਸ ਸਬੰਧੀ ਅਦਾਲਤ ਰਾਹੀਂ ਵੀ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਮੁੰਡੇ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਭਰਾ ਮਨਜੀਤ ਸਿੰਘ, ਅਮਰੀਕ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ, ਜੀਤ ਸਿੰਘ ਅਤੇ ਦੇਸ ਰਾਜ ਸਾ. ਸਰਪੰਚ ਵਾੜਾ ਬੁੱਧ ਸਿੰਘ ਵੀ ਹਾਜ਼ਰ ਸਨ।

Leave a comment

Your email address will not be published. Required fields are marked *