ਆਖ਼ਿਰਕਾਰ ਡਿਬਰੂਗੜ੍ਹ ਜੇਲ੍ਹ ਪ੍ਰਸਾਸ਼ਨ ਨੇ ਭਾਈ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਨਾਲ ਜੇਲ੍ਹ ‘ਚ ਕੈਦ ਹੋਰ ਸਿੰਘਾਂ ਦੀਆਂ ਮੰਗਾਂ ਨੂੰ ਮਨ ਲਿਆ ਹੈ। ਜਿਸ ਵਿੱਚ ਹੁਣ ਇਹ ਕਿਹਾ ਗਿਆ ਕਿ ‘ਹਫਤੇ ‘ਚ ਇੱਕ ਵਾਰ 15 ਮਿੰਟ ਲਈ ਫੋਨ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ’। ਇਸਦੇ ਨਾਲ ਹੀ ਇਹ ਵੀ ਕਿਹਾ ਕਿ ‘ਕਿਸੇ ਇੱਕ ਕੈਦੀ ਸਿੰਘ ਦੀ ਦੇਖ ਰੇਖ ‘ਚ ਹੈ ਹੀ ਹੁਣ ਤੋਂ ਭੋਜਨ ਤਿਆਰ ਕੀਤਾ ਜਾਵੇਗਾ’।
ਇਹ ਸਾਰੀ ਜਾਣਕਾਰੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਸਾਂਝੀ ਕੀਤੀ ਹੈ। ਕਾਬਿਲੇਗੌਰ ਹੈ ਕਿ ਬੀਤੇ ਬੁੱਧਵਾਰ ਤੋਂ ਡਿਬਰੂਗੜ੍ਹ ਜੇਲ੍ਹ ‘ਚ ਕੈਦ ਭਾਈ ਅੰਮ੍ਰਿਤਪਾਕ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਦੇ ਨਾਲ ਨਾਲ ਤਿੱਖਾ ਵਿਰੋਧ ਜਤਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਵਿਰੋਧ ਮਗਰੋਂ ਵੱਡਾ ਕਦਮ ਚੁਕਦਿਆਂ ਸਿੱਖ ਕੈਦੀਆਂ ਦੀਆਂ ਮੰਗਾਂ ਨੂੰ ਮੰਨ ਲਿਆ ਹੈ।
ਜਿਸ ਮਗਰੋਂ ਸ਼ੁਕਰਵਾਰ ਰਾਤੀ ਸਿੱਖ ਕੈਦੀਆਂ ਵੱਲੋਂ ਇਹ ਭੁੱਖ ਹੜਤਾਲ ਨਣੁ ਰੱਦ ਕਰ ਦਿੱਤਾ ਗਿਆ।ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਅਤੇ ਹੋਰ ਸਿੱਖਾਂ ਨੂੰ ਜੇਲ੍ਹ ਵਿੱਚ ਟੈਲੀਫੋਨ ਦੀ ਸਹੂਲਤ ਨਹੀਂ ਮਿਲ ਰਹੀ। ਉਸ ਨੂੰ ਵਾਰ-ਵਾਰ ਮਿਲਣ ਲਈ ਕਾਫੀ ਖਰਚਾ ਆਉਂਦਾ ਹੈ। ਜੇਕਰ ਉਸ ਨੂੰ ਟੈਲੀਫੋਨ ‘ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਅਸੀਂ ਉਸ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕਰ ਸਕਾਂਗੇ।
ਇਸ ਦੇ ਨਾਲ ਹੀ ਜੇਲ੍ਹ ਵਿੱਚ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਖਾਣਾ ਵੀ ਠੀਕ ਨਹੀਂ ਹੈ ਅਤੇ ਉਨ੍ਹਾਂ ਦਾ ਇਲਾਜ ਵੀ ਨਹੀਂ ਹੋ ਰਿਹਾ ਹੈ। ਅੰਮ੍ਰਿਤਪਾਲ ਦੇ ਪਿਤਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੇਲ੍ਹ ਵਿੱਚ ਬੰਦ ਬਾਕੀ ਕੈਦੀਆਂ ਦੇ ਵਾਂਗ ਹੀ ਉਨ੍ਹਾਂ ਦੇ ਪੁੱਤਰ ਅੰਮ੍ਰਿਤਪਾਲ ਅਤੇ ਹੋਰ ਕੈਦੀਆਂ ਨੂੰ ਸਹੂਲਤਾਂ ਦਿੱਤੀਆਂ ਜਾਣ।