ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਕ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਵਿਦਿਆਰਥੀਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਕਿ ਭੜਕੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਕਥਿਤ ਮੁਲਜ਼ਮ ਪ੍ਰੋਫੈਸਰ ਦੀ ਕੁੱਟਮਾਰ ਵੀ ਕੀਤੀ ਸੀ ਪਰ ਉਸ ਦੇ ਵਿਰੁੱਧ ਨਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਏ ਅਤੇ ਨਾ ਹੀ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਐ। ਜਿਸ ਕਰਕੇ ਭੜਕੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਯੂਨੀਵਰਸਿਟੀ ਦੇ ਗੇਟ ਅੱਗੇ ਧਰਨਾ ਠੋਕ ਦਿੱਤਾ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥਣ ਦੀ ਮੌਤ ਨੂੰ ਲੈ ਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟ ਮੂਹਰੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸਓਆਈ ਦੇ ਆਗੂ ਕਰਨਵੀਰ ਸਿੰਘ ਨੇ ਆਖਿਆ ਕਿ ਪ੍ਰੋਫੈਸਰ ਸੁਰਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਪਰੇਸ਼ਾਨ ਕੀਤਾ ਜਾਂਦੈ, ਉਸ ਕੁੜੀ ਨੂੰ ਵੀ ਪ੍ਰੋਫੈਸਰ ਵੱਲੋਂ ਪਰੇਸ਼ਾਨ ਕੀਤਾ ਗਿਆ ਸੀ, ਜਿਸ ਕਰਕੇ ਟੈਨਸ਼ਨ ਵਿਚ ਆ ਕੇ ਉਸ ਦੀ ਮੌਤ ਹੋ ਗਈ ਕਿਉਂਕਿ ਉਹ ਅਸਥਮਾ ਦੀ ਮਰੀਜ਼ ਸੀ।
ਦੱਸ ਦਈਏ ਕਿ ਵਿਦਿਆਰਥੀਆਂ ਦਾ ਕਹਿਣਾ ਏ ਕਿ ਜਦੋਂ ਤੱਕ ਸਬੰਧਤ ਪ੍ਰੋਫੈਸਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਵਿਦਿਆਰਥੀਆਂ ’ਤੇ ਝੂਠੇ ਪਰਚੇ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਨ੍ਹਾਂ ਦਾ ਧਰਨਾ ਪ੍ਰਰਦਸ਼ਨ ਜਾਰੀ ਰਹੇਗਾ।