ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਨ ਕਿ ਹੇ ਪ੍ਰਭੂ! ਜੇ ਪ੍ਰਵਾਨ ਕਰੋ ਤਾਂ ਮੈਂ ਆਪ ਜੀ ਦੇ ਗੁਣ ਗਾਉਂਦਿਆਂ-ਗਾਉਂਦਿਆਂ ਨਾਮ ਜਸ ਵਿੱਚ ਲੀਨ ਹੋ ਜਾਵਾਂ।[2] ਜੇ ਤੇਰੇ ਅੰਦਰ ਗੁੱਸਾ ਆ ਜਾਵੇ, ਦੁੱਖ ਆ ਜਾਵੇ ਤਾਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ। ਜਦੋਂ ਬਾਬਾ ਦਾਤੂ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ ਤਾਂ ਗੁਰੂ ਜੀ ਨੇ ਬਾਬਾ ਦਾਤੂ ਦੇ ਪੈਰ ਫੜ ਕੇ ਕਿਹਾ, ‘‘ਮੇਰੀਆਂ ਹੱਡੀਆਂ ਸਖਤ ਹਨ, ਤੁਹਾਡੇ ਕੋਮਲ ਚਰਨਾਂ ’ਤੇ ਸੱਟ ਤਾਂ ਨਹੀਂ ਲੱਗ ਗਈ?’’ ਕਿਤਨੀ ਨਿਮਰਤਾ ਅਤੇ ਪਿਆਰ ਸੀ ਉਹਨਾਂ ਦੇ ਅੰਦਰ। ਜਿਹੜਾ ਇਨਸਾਨ ਸਿਮਰਨ ਕਰਦਾ ਹੈ, ਉਸ ਦੇ ਅੰਦਰ ਅਹੰਕਾਰ ਨਹੀਂ ਆਉਂਦਾ।
“ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।।”
—ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 519
ਕੀ ਹੈ ਅਰਦਾਸ? ਅਰਦਾਸ ਵਿੱਚ ਦਸਾਂ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ। ਇਸ ਵਿੱਚ ਇਕ-ਇਕ ਅੱਖਰ ਪਹਿਲਾਂ ਜੀਵਿਆ ਗਿਆ ਹੈ, ਨਾਮ ਜਪਿਆ ਗਿਆ ਹੈ, ਵੰਡ ਕੇ ਛਕਿਆ ਗਿਆ ਹੈ, ਦੇਗ ਚਲਾਈ ਗਈ ਹੈ, ਤੇਗ ਵਹਾਈ ਗਈ ਹੈ, ਵੇਖ ਕੇ ਅਣਡਿੱਠ ਕੀਤਾ ਗਿਆ ਹੈ, ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਗਿਆ ਹੈ। ਸਿੱਖਾਂ ਦਾ ਕੋਈ ਵੀ ਜੀਵਨ ਸੰਸਕਾਰ ਤੇ ਕੋਈ ਵੀ ਧਰਮ ਸਮਾਗਮ ਇਸ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦਾ। ਜਿੰਨਾ ਚਿਰ ਕੌਮ ਦਾ ਜੀਵਨ ਤੁਰਿਆ ਰਹੇਗਾ, ਅਰਦਾਸ ਦਾ ਵਿਗਾਸ ਹੁੰਦਾ ਹੀ ਰਹੇਗਾ। ਸ਼ਾਇਦ ਹੀ ਕਿਸੇ ਇਤਿਹਾਸਕਾਰ ਨੇ ਆਪਣੀ ਕੌਮ ਦਾ ਇਤਿਹਾਸ ਇਤਨੇ ਥੋੜ੍ਹੇ ਸ਼ਬਦਾਂ ਵਿੱਚ ਇਤਨੀ ਪ੍ਰਬੀਨਤਾ ਨਾਲ ਚਿਤਰਿਆ ਹੋਵੇ।
ਇਕ ਨਾਨਕ ਕੀ ਅਰਦਾਸਿ ਜੋ ਤੁਧੁ ਭਾਵਸੀ।।
ਮੈ ਦੀਜੈ ਨਾਮ ਨਿਵਾਸੁ ਰਹਿ ਗੁਣ ਗਾਵਸੀ।।
— ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 752
ਇਹ ਅਰਦਾਸੁ ਹਮਾਰੀ ਸੁਆਮੀ। ਵਿਸਰੁ ਨਾਹੀ ਸੁਖਦਾਤੇ।।
ਨਾਮ ਦਾਤ ਬਖਸ਼ੋ
ਹੇ ਸੱਚੇ ਪਾਤਸ਼ਾਹ ਜੀਓ। ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਸਾਡੇ ਹਿਰਦੇ ਵਿੱਚ ਆਪਣੇ ਨਾਂ ਦੀ ਦਾਤ ਬਖਸ਼ੋ। ਨਾਮ ਦੀ ਦਾਤ ਤਾਂ ਹੀ ਪ੍ਰਾਪਤ ਹੋਣੀ ਹੈ ਜੇ ਤੂੰ ਸਤਿਗੁਰੂ ਨਾਲ ਜੁੜੇਗਾ। ਲਾਲਚ ਛੱਡੇਗਾ, ਉਦਮ ਕਰੇਗਾ, ਮਿਹਨਤ ਕਰੇਗਾ, ਕਿਰਤ ਕਰੇਗਾ, ਜੇ ਅੰਦਰ ਨੂੰ ਟਿਕਾਉਣਾ ਹੈ ਤਾਂ ਹੀ ਤੂੰ ਸਤਿਗੁਰੂ ਨਾਲ ਜੁੜ ਸਕਦਾ ਹੈਂ।
ਨਿਮਰਤਾ –ਅਰਦਾਸ ਨਾਲ ਸਿੱਖ ਦੇ ਮਨ ਵਿੱਚ ਨਿਮਰਤਾ ਆਉਂਦੀ ਹੈ, ਹਊਮੈਂ ਦਾ ਪਰਦਾ ਦੂਰ ਹੁੰਦਾ ਹੈ। ਹਰ ਜੀਵ ਨੂੰ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਕੇ, ਤਨ-ਮਨ ਪ੍ਰਭੂ ਦਰ ’ਤੇ ਅਰਪਣ ਕਰ ਕੇ, ਨਾਮ ਦੀ ਦਾਤ ਮੰਗਣੀ ਚਾਹੀਦੀ ਹੈ।