ਗੀਤਾ ’ਚ ਕਿਹਾ ਹੈ ਕਿ ‘ਕਰਮ ਕਰੋ, ਫਲ ਦੀ ਚਿੰਤਾ ਨਾ ਕਰੋ।’ ਠੀਕ ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ‘ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ’ ਭਾਵ ਅਸੀਂ ਚੰਗੇ ਕਰਮਾਂ ਤੋਂ ਕਦੀ ਪਿੱਛੇ ਨਾ ਹਟੀਏ, ਨਤੀਜਾ ਬੇਸ਼ੱਕ ਜੋ ਵੀ ਹੋਵੇ। ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਤੇ ਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਮ, ਸਿਧਾਂਤ, ਸਮਭਾਵ, ਬਰਾਬਰੀ, ਨਿਡਰਤਾ, ਆਜ਼ਾਦੀ ਦਾ ਸੰਦੇਸ਼ ਦੇ ਕੇ ਸਮਾਜ ਨੂੰ ਇਕ ਸੂਤਰ ’ਚ ਪਿਰੋਣ ਦਾ ਕੰਮ ਕੀਤਾ।
ਉਨ੍ਹਾਂ ਨੇ ਕਦੀ ਵੀ ਮਨੁੱਖੀ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਅੱਜ ਫਿਰ ਲੋੜ ਹੈ ਕਿ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲ ਕੇ ਅਸੀਂ ਸਾਰੇ ਧਰਮ, ਸਮਾਜ ਤੇ ਭਾਈਚਾਰੇ ਨੂੰ ਮਜ਼ਬੂਤ ਕਰ ਕੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਲਈ ਕਾਰਜ ਕਰੀਏ।ਅਕਤੂਬਰ 1708 ’ਚ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਖਰੀ ਸਵਾਸ ਲਏ। ਇਸ ਤਰ੍ਹਾਂ ਪਹਿਲਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਫਿਰ ਚਾਰੇ ਪੁੱਤਰਾਂ ਅਤੇ ਬਾਅਦ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਬਲਿਦਾਨ ਦੇ ਕੇ ਧਰਮ ਦੀ ਰੱਖਿਆ ਕੀਤੀ।
ਸਵਾਮੀ ਵਿਵੇਕਾਨੰਦ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਮਹਾਨ ਦਾਰਸ਼ਨਿਕ, ਸੰਤ, ਆਤਮ-ਬਲਿਦਾਨੀ, ਤਪੱਸਵੀ ਅਤੇ ਸਵੈ-ਅਨੁਸ਼ਾਸਿਤ ਦੱਸ ਕੇ ਉਨ੍ਹਾਂ ਦੀ ਬਹਾਦਰੀ ਦੀ ਉਪਮਾ ਕੀਤੀ ਸੀ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਮੁਗਲ ਕਾਲ ’ਚ ਜਦੋਂ ਹਿੰਦੂ ਅਤੇ ਮੁਸਲਿਮ ਦੋਵਾਂ ਹੀ ਧਰਮਾਂ ਦੇ ਲੋਕਾਂ ’ਤੇ ਜ਼ੁਲਮ ਹੋ ਰਿਹਾ ਸੀ ਤਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਇਨਸਾਫੀ, ਅਧਰਮ ਅਤੇ ਜ਼ੁਲਮਾਂ ਵਿਰੁੱਧ ਅਤੇ ਦੁਖੀ ਜਨਤਾ ਦੀ ਭਲਾਈ ਲਈ ਬਲਿਦਾਨ ਦਿਤਾ ਸੀ ਜੋ ਇਕ ਮਹਾਨ ਬਲਿਦਾਨ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨਾਂ ’ਚੋਂ ਮਹਾਨ ਸਨ।