ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਹੀ ਸੰਸਾਰਕ ਜੀਵਨ ਹਰ ਪੱਖੋਂ ਅਚੰਭਿਤ ਕਰਨ ਵਾਲਾ ਹੈ। ਆਪ ਜੀ ਨੇ ਨੌਂ ਸਾਲ ਦੀ ਉਮਰ ਵਿਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੂਜੇ ਧਰਮ, ਜਿਨ੍ਹਾਂ ਨਾਲ ਸਿਧਾਂਤਕ ਮੱਤਭੇਦ ਸੀ, ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਭੇਜਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ ੧੬੭੫ ਈ. ਵਿਚ ੯ ਸਾਲ ਦੀ ਉਮਰ ਵਿਚ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਦੇ ਰੂਪ ਵਿਚ ਗੁਰਿਆਈ ਪ੍ਰਾਪਤ ਹੋਈ। ਸਿਰਫ਼ ੪੨ ਸਾਲ ਦੀ ਉਮਰ ਤਕ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਨਾਲ ਸਿਖਰ ‘ਤੇ ਪਹੁੰਚਾਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਜਰਨੈਲ, ਉੱਚ ਕੋਟੀ ਦੇ ਵਿਦਵਾਨ, ਅਜ਼ੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਭਗਤੀ ਅਤੇ ਸ਼ਕਤੀ ਦੇ ਮੁਜੱਸਮੇ ਅਤੇ ਮਰਦ-ਏ-ਮੈਦਾਨ ਸਨ। ਉਹ ਸ਼ਸਤਰ ਅਤੇ ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਾਹਿਬ-ਏ-ਕਮਾਲ, ਮਰਦ ਅਗੰਮੜੇ, ਦੁਸ਼ਟ ਦਮਨ, ਅੰਮ੍ਰਿਤ ਕੇ ਦਾਤੇ ਸਨ। ਹਕੀਮ ਅਲਾਹ ਯਾਰ ਖਾਂ ਜੀ ਆਪ ਜੀ ਬਾਰੇ ਇਉਂ ਬਿਆਨ ਕਰਦੇ ਹਨ,
ਇਨਸਾਫ ਕਰੇ ਜੀ ਮੇਂ ਜ਼ਮਾਨਾ ਤੋਂ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।
ਗੁਰਮਤਿ ਮਨੁੱਖ ਨੂੰ ਆਤਮਿਕ ਅਤੇ ਸਰੀਰਕ ਦੋਹਾਂ ਰੂਪਾਂ ਵਿਚ ਬਲਵਾਨ ਬਣਾਉਣ ਦਾ ਸਿਧਾਂਤ ਹੈ। ਗੁਰੂ ਜੀ ਦੇ ਦਰਬਾਰ ਵਿਚ ੫੨ ਕਵੀ ਸਨ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ। ਗੁਰੂ ਜੀ ਨੇ ਖੁਦ ਵੀ ਜਾਪੁ ਸਾਹਿਬ, ਅਕਾਲ ਉਸਤਤ, ੩੩ ਸਵੈਯੇ, ਖਾਲਸਾ ਮਹਿਮਾ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ (ਵੱਡਾ), ਚੰਡੀ ਚਰਿਤ੍ਰ (ਛੋਟਾ), ਚੰਡੀ ਦੀ ਵਾਰ, ਚੋਬੀਸ ਅਵਤਾਰ, ਬਚਿਤ੍ਰ ਨਾਟਕ, ਚਰਿਤ੍ਰੋ ਪਾਖਯਾਨ, ਜ਼ਫ਼ਰਨਾਮਾ, ਹਕਾਯਤਾਂ, ਸ਼ਬਦ ਹਜਾਰੇ ਪਾ. ੧੦ਵੀਂ, ਪਵਿੱਤਰ ਬਾਣੀਆਂ ਦੀ ਰਚਨਾ ਕੀਤੀ ਸੀ। ਸਿੱਖ ਧਰਮ ਦੀ ਪੰਜ ਕਕਾਰੀ ਰਹਿਤ ਮਰਯਾਦਾ ਤੇ ਸਿੱਖੀ ਸਰੂਪ ਨਿਸਚਿਤ ਕਰ ਕੇ ਸਿੱਖ ਧਰਮ ਦੀ ਸਮਾਜ ਵਿਚ ‘ਤੀਸਰ ਮਜ਼ਹਬ ਸਾਜ ਕੇ’ ਵੱਖਰੀ ਤੇ ਨਿਆਰੀ ਪਹਿਚਾਣ ਕਾਇਮ ਕੀਤੀ। ਉਨ੍ਹਾਂ ਨੇ ਖਾਲਸਾ ਪੰਥ ਨੂੰ ਐਨਾ ਸ਼ਕਤੀਸ਼ਾਲੀ ਬਣਾ ਦਿੱਤਾ ਸੀ ਕਿ ਹੁਣ ਉਸ ਨੂੰ ਕਿਸੇ ਹੋਰ ਦੇਹਧਾਰੀ ਮਨੁੱਖ ਰੂਪ ਵਿਚ ਗੁਰੂ ਦੀ ਲੋੜ ਨਹੀਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਵਿਚਾਰ ਪ੍ਰਣਾਲੀ ਅਨੁਸਾਰ ਉਸੇ ਆਦਰਸ਼ਕ ਮਨੁੱਖ ਨੂੰ ਖਾਲਸੇ ਦਾ ਰੂਪ ਦਿੱਤਾ।
ਉਨ੍ਹਾਂ ਨੇ ੧੬੯੯ ਈ. ਵਿਚ ਖਾਲਸੇ ਦੀ ਸਿਰਜਣਾ ਕਰਦਿਆਂ ਇਕ ਸੁਤੰਤਰ ਤੇ ਸੰਪੂਰਨ ਮਨੁੱਖ ਦਾ ਆਦਰਸ਼ ਸਾਹਮਣੇ ਰੱਖਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਆਪਣੇ ਪਿਤਾ ਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਸ਼ਾਮਲ ਕਰ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਸੰਪੂਰਨ ਕੀਤਾ। ਇਸੇ ਸੰਪੂਰਨ ‘ਆਦਿ (ਸ੍ਰੀ ਗੁਰੂ) ਗੰ੍ਰਥ ਸਾਹਿਬ’ ਨੂੰ ਦੱਖਣ ਵਿਚ ਨਾਂਦੇੜ ਦੀ ਧਰਤੀ ਉੱਤੇ ਗੁਰੂ ਦੀ ਪਦਵੀ ਕੱਤਕ ਸੁਦੀ ਦੂਜ ਸੰਮਤ ੧੭੬੫ ਈ. ਨੂੰ ਦਿੱਤੀ। ਜਿੱਥੇ ਅੱਜਕਲ ਤਖਤ ਸ੍ਰੀ ਹਜ਼ੂਰ ਸਾਹਿਬ ਸੁਸ਼ੋਭਿਤ ਹੈ।
ਨਾਂਦੇੜ ਦੀ ਧਰਤੀ ਉੱਤੇ ਗੁਰੂ ਜੀ ਨੇ ਅੱਗੇ ਲਈ ਸਿੱਖਾਂ ਦਾ ਗੁਰੂ ਸਦਾ ਵਾਸਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਸ਼ਬਦ ਰੂਪ ਵਿਚ ਥਾਪ ਦਿੱਤਾ। ਦੁਨੀਆ ਦੇ ਧਾਰਮਿਕ ਇਤਿਹਾਸ ਵਿਚ ਇਹ ਇੱਕੋ ਇੱਕ ਨਿਵੇਕਲੀ ਕਿਸਮ ਦਾ ਕਾਰਜ ਸੀ ਜਦੋਂ ਕਿਸੇ ਧਾਰਮਿਕ ਗੰ੍ਰਥ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੋਈ ਹੋਵੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ‘ਸ਼ਬਦ ਗੁਰੂ’ ਦੇ ਸਿਧਾਂਤ ਦਾ ਅਮਲੀ ਰੂਪ ਵਿਚ ਸਿਖਰ ਸੀ ਸੱਚ ਮੁੱਚ ਹੀ ਇਹ ਇਕ ਧਾਰਮਿਕ ਇਲਕਲਾਬ ਦਾ ਸਿਖਰ ਸੀ।