ਪੰਜਾਬ ਵਿਚ ਪੈ ਰਹੀ ਹੁੰਮ ਭਰੀ ਗਰਮੀ ਤੋਂ ਜਲਦ ਰਾਹਤ ਮਿਲਣ ਜਾ ਰਹੀ ਹੈ। ਮੌਸਮ ਮਾਹਿਰਾਂ ਨੇ ਅਗਲੇ 5-6 ਦਿਨ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅਗਲੇ 5-6 ਦਿਨਾਂ ਦੇ ਮੌਸਮ ਬਾਰੇ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਤਾਜ਼ਾ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਪੰਜਾਬ, ਹਰਿਆਣਾ ਚੰਡੀਗੜ੍ਹ ਵਿਚ ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੇ ਨਾਲ-ਨਾਲ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 28 ਅਗਸਤ ਤੱਕ ਮੌਸਮ ਇਸੇ ਤਰ੍ਹਾਂ ਦਾ ਰਹਿਣ ਵਾਲਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਰੂਪਨਗਰ, ਪਟਿਆਲਾ ਜ਼ਿਲ੍ਹਿਆਂ ਵਿਚ ਬਾਰਿਸ਼ ਦਾ ਦੌਰ ਜਾਰੀ ਰਹੇਗਾ।
ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ’ਚ 27 ਅਗਸਤ ਤੱਕ ਮੌਸਮ ਖ਼ਰਾਬ ਰਹੇਗਾ ਅਤੇ ਮੰਗਲਵਾਰ ਨੂੰ ਯੈਲੋ ਅਲਰਟ ਅਤੇ ਬੁੱਧਵਾਰ ਤੇ ਵੀਰਵਾਰ ਨੂੰ 2 ਦਿਨ ਆਰੈਂਜ ਅਲਰਟ ਰਹੇਗਾ। ਬੀਤੇ 24 ਘੰਟਿਆਂ ’ਚ ਸੂਬੇ ’ਚ ਮਾਨਸੂਨ ਕਮਜ਼ੋਰ ਰਿਹਾ ਅਤੇ ਪਾਲਮਪੁਰ ’ਚ 2, ਜੋਗਿੰਦਰਨਗਰ, ਪਾਉਂਟਾ, ਚੁਵਾੜੀ ਅਤੇ ਕਸੌਲੀ ’ਚ 1-1 ਸੈਂਟੀਮੀਟਰ ਮੀਂਹ ਪਿਆ, ਜਦੋਂ ਕਿ ਮੰਗਲਵਾਰ ਨੂੰ ਰਾਜਧਾਨੀ ਸ਼ਿਮਲਾ ’ਚ 0.2, ਊਨਾ ’ਚ 32, ਕਾਂਗੜਾ ’ਚ 3, ਧੌਲਾਕੂੰਆਂ ’ਚ 0.5, ਬਰਠੀਂ ’ਚ 3 ਮਿਲੀਮੀਟਰ ਮੀਂਹ ਪਿਆ ਹੈ।
ਸੂਬੇ ’ਚ 2 ਨੈਸ਼ਨਲ ਹਾਈਵੇਅ ਐੱਨ. ਐੱਚ. 305 ਅਤੇ ਐੱਨ. ਐੱਚ. 03 ਬੰਦ ਹਨ, ਜਦੋਂ ਕਿ 344 ਸੜਕਾਂ ਵੀ ਬੰਦ ਹਨ। ਇਨ੍ਹਾਂ ’ਚ ਮੰਡੀ ਜ਼ੋਨ ਦੇ ਅਧੀਨ ਸਭ ਤੋਂ ਵੱਧ 117, ਸ਼ਿਮਲਾ ਜ਼ੋਨ ਦੀਆਂ 92, ਹਮੀਰਪੁਰ ਜ਼ੋਨ ਦੀਆਂ 75 ਅਤੇ ਕਾਂਗੜਾ ਜ਼ੋਨ ਦੀਆਂ 58 ਸੜਕਾਂ ਸ਼ਾਮਲ ਹਨ। 66 ਸੜਕਾਂ ਨੂੰ 24 ਘੰਟਿਆਂ ’ਚ ਜਦੋਂ ਕਿ 206 ਸੜਕਾਂ ਨੂੰ ਉਸ ਤੋਂ ਬਾਅਦ ਖੋਲ੍ਹ ਦਿੱਤਾ ਜਾਵੇਗਾ।