ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕਰ ਕੇ ਇਸ ਨੂੰ ਹੋਰ ਆਸਾਨ ਬਣਾਉਣ ਦਾ ਫ਼ੈਸਲਾ ਲਿਆ ਹੈ। ਨਵੇਂ ਬਦਲਾਅ ਤਹਿਤ ਪਾਸਪੋਰਟ ਦੇ ਆਖ਼ਰੀ ਪੇਜ ‘ਤੇ ਹੁਣ ਨਾ ਤਾਂ ਨਿੱਜੀ ਜਾਣਕਾਰੀਆਂ ਛਾਪੀਆਂ ਜਾਣਗੀਆਂ ਅਤੇ ਨਾ ਹੀ ਇਸ ਲਈ ਪਰਿਵਾਰ ਜਾਂ ਪਤੀ-ਪਤਨੀ ਦੀ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ। ਨਵੇਂ ਨਿਯਮਾਂ ਮੁਤਾਬਿਕ ਨਾਰੰਗੀ ਰੰਗ ਦੇ ਕਵਰ ਵਾਲੇ ਪਾਸਪੋਰਟ ਜਾਰੀ ਕੀਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬਦਲਾਅ ਤੋਂ ਬਾਅਦ ਪਾਸਪੋਰਟ ਦਾ ਇਸਤੇਮਾਲ ਰੈਜ਼ੀਡੈਂਸ ਪਰੂਫ਼ ਦੇ ਤੌਰ ‘ਤੇ ਨਹੀਂ ਕੀਤਾ ਜਾ ਸਕੇਗਾ।
ਸੂਤਰਾਂ ਮੁਤਾਬਿਕ ਨਵੀਂ ਪਾਸਪੋਰਟ ਬੁੱਕਲੈੱਟ ਦੇ ਡਿਜ਼ਾਈਨ ਤੱਕ ਪਹਿਲਾਂ ਵਾਂਗ ਹੀ ਪਾਸਪੋਰਟ ਜਾਰੀ ਹੁੰਦੇ ਰਹਿਣਗੇ। ਇਸ ਤੋਂ ਇਲਾਵਾ ਹੁਣ ਤੱਕ ਜਾਰੀ ਸਾਰੇ ਪਾਸਪੋਰਟ ਵੀ ਵੈਲੀਡ ਰਹਿਣਗੇ। ਨਵੇਂ ਨਿਯਮਾਂ ਵਿੱਚ ਇੱਕ ਵੱਡੀ ਰਾਹਤ ਇਹ ਹੋਵੇਗੀ ਕਿ ਮਾਂ-ਬਾਪ ਨੂੰ ਪਾਸਪੋਰਟ ਲਈ ਬੱਚੇ ਦੇ ਪਿਓ ਜਾਂ ਮਾਂ ਬਾਰੇ ਦੱਸਣਾ ਜ਼ਰੂਰੀ ਨਹੀਂ ਹੋਵੇਗਾ। ਵਿਦੇਸ਼ ਮੰਤਰਾਲੇ ਮੁਤਾਬਿਕ ਤੈਅ ਕੀਤਾ ਗਿਆ ਹੈ ਕਿ ਇਮੀਗ੍ਰੇਸ਼ਨ ਕਲੀਅਰੇਂਸ ਰਿਕਵਾਇਰਡ ਕੈਟਾਗਰੀ ਲਈ ਨਾਰੰਗੀ ਰੰਗ ਦੇ ਨਵੇਂ ਪਾਸਪੋਰਟ ਜਾਰੀ ਹੋਣਗੇ ਬਾਕੀ ਵਾਲੇ ਉਸੇ ਤਰਾਂ ਰਹਿਣਗੇ।
ਡਿਜੀਟਲ ਪੰਜਾਬ ਪੁਲਿਸ ਵਿਭਾਗ ਨਾਲ ਸਬੰਧਤ ਸਾਰੀਆਂ ਵੈਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ 2 ਅਗਸਤ ਤੋਂ ਡਾਊਨ ਚੱਲ ਰਹੀ ਹੈ, ਜਦੋਂ ਕਿ ਸਾਰੇ ਜ਼ਿਲ੍ਹਾ ਪੁਲਿਸ ਦਫ਼ਤਰਾਂ ਦੀਆਂ ਵੈੱਬਸਾਈਟਾਂ ਨੇ ਸ਼ਨੀਵਾਰ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਹ ਇਸ ਲਈ ਹੈ ਕਿਉਂਕਿ ਮੁਸੀਬਤ ਦਾ ਮੂਲ ਕਾਰਨ ਮਿਆਦ ਪੁੱਗ ਚੁੱਕੇ SSL ਸਰਟੀਫਿਕੇਟਾਂ ਨੂੰ ਮੰਨਿਆ ਗਿਆ ਹੈ ਜੋ ਸਮੇਂ ਸਿਰ ਰੀਨਿਊ ਨਹੀਂ ਕੀਤੇ ਗਏ ਹਨ।
ਪੰਜਾਬ ਪੁਲਿਸ ਵਿਭਾਗ ਵੱਲੋਂ ਡਿਜੀਟਲਾਈਜ਼ੇਸ਼ਨ ਨੂੰ ਅਪਣਾਉਣ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਆਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਪਰ ਵੈੱਬਸਾਈਟ ਬੰਦ ਹੋਣ ਕਾਰਨ ਲੋਕਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਵੈੱਬਸਾਈਟ ਬੰਦ ਕਰਨਾ ਲੋਕਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਪੰਜਾਬ ਭਰ ਦੇ ਲੋਕਾਂ ਨੇ ਪੁਲਿਸ ਵਿਭਾਗ ਦੀਆਂ ਵੈੱਬਸਾਈਟਾਂ ਬੰਦ ਹੋਣ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ।