ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਮਦਾਸੀਆ ਬਰਾਦਰੀ ’ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1960 ਨੂੰ ਹੋਇਆ। ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਨਾਂ ਮਾਪਿਆਂ ਨੇ ਧਨੀ ਰਾਮ ਰੱਖਿਆ।[2] ਮਾਪਿਆਂ ਨੇ ਆਪਣੇ ‘ਧਨੀਏ’ ਨੂੰ ਅਫ਼ਸਰ ਲੱਗਿਆ ਵੇਖਣ ਲਈ ਗੁਜ਼ਰ ਖ਼ਾਨ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਾ ਦਿੱਤਾ।
ਘਰ ਦੀ ਮੰਦਹਾਲੀ ਕਾਰਨ ਦੁਨੀਏ ਨੂੰ ਪੜ੍ਹਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਪਰ ਘਰ ਦੀ ‘ਦਿਨ ’ਚ ਕਮਾ ਕੇ ਆਥਣੇ ਖਾਣ’ ਦੀ ਦਸ਼ਾ ਨੇ ਧਨੀ ਰਾਮ ਨੂੰ ਇਲੈਕਟ੍ਰੀਸ਼ਨ ਵੀ ਨਾ ਬਣਨ ਦਿੱਤਾ। ਆਪਣੇ ਘਰ ਦੀ ਹਾਲਤ ਦੇਖ ਕੇ ਧਨੀ ਰਾਮ ਲੁਧਿਆਣੇ ਕੱਪੜਾ ਫੈਕਟਰੀ ’ਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਅੰਦਰ ਜੋ ਸੰਗੀਤ ਦਾ ਜਵਾਲਾਮੁਖੀ ਦਹਿਕ ਰਿਹਾ ਸੀ, ਉਹ ਹੌਲੀ-ਹੌਲੀ ਫੱਟਣ ਲੱਗਾ।
“ਦੁਨੀ ਚੰਦ” ਹਾਰਮੋਨੀਅਮ, ਤੂੰਬੀ ਅਤੇ ਢੋਲਕੀ ਦਾ ਖਾਸਾ ਜਾਣੂ ਹੋ ਚੁੱਕਿਆ ਸੀ। ਫਿਰ ਇੱਕ ਦਿਨ ਇਸੇ ਸਿਦਕ ਦਾ ਸਤਾਇਆ ਧਨੀ ਰਾਮ ਘਰੋਂ ਫੈਕਟਰੀ ਤਾਂ ਗਿਆ ਪਰ ਰਸਤੇ ’ਚ ਉਸ ਦੇ ਕਦਮ ਆਪਣੇ ਆਪ ਉਸ ਸਮੇਂ ਦੇ ਪ੍ਰਸਿੱਧ ਫ਼ਨਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਹੋ ਤੁਰੇ। ਸਾਰਾ ਦਿਨ ਉਸ ਨੇ ਕੁਝ ਵੀ ਨਾ ਖਾਧਾ-ਪੀਤਾ ਤੇ ਆਪਣੀ ਗੀਤਾਂ ਦੀ ਕਾਪੀ ਛਿੰਦੇ ਨੂੰ ਦਿਖਾਉਣ ਦੀ ਉਡੀਕ ਕਰਨ ਲੱਗਾ। ਜਦੋਂ ਸ਼ਾਮ ਨੂੰ ਸੁਰਿੰਦਰ ਛਿੰਦੇ ਨੇ ਧਨੀ ਰਾਮ ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ। ਧਨੀ ਰਾਮ ਨੇ ਸੁਰਿੰਦਰ ਛਿੰਦੇ ਕੋਲੋਂ ਸੰਗੀਤ ਦੀਆਂ ਬਾਰੀਕੀਆ ਸਿੱਖੀਆਂ ਤਾ ਉਸ ਦੀ ਲਗਨ ਦੇਖ ਕੇ ਛਿੰਦੇ ਨੇ ਧਨੀ ਰਾਮ ਨੂੰ ਆਪਣੇ ਸੰਗੀਤਕ ਗਰੁੱਪ ’ਚ ਢੋਲਕੀ, ਤੂੰਬੀ ਤੇ ਹਰਮੋਨੀਅਮ ਮਾਸਟਰ ਵਜੋਂ ਜਗ੍ਹਾ ਦਿੱਤੀ। ਹੌਲੀ-ਹੌਲੀ ਧਨੀ ਰਾਮ ਸੁਰਿੰਦਰ ਛਿੰਦੇ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲੈਣ ਲੱਗ ਪਿਆ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜ੍ਹਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ।
ਉਸ ਦੇ ਲਿਖੇ ਗੀਤਾਂ ਨੂੰ ਲਗਪਗ ਸਾਰੇ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਗਾਇਆ ਹੈ। ਕੇ.ਦੀਪ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਨਾਲ ਵੀ “ਧਨੀ ਰਾਮ” ਨੇ ਕੰਮ ਕੀਤਾ। ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਧਨੀ ਰਾਮ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ, ਜਿਸ ਤੋਂ ਦੁਨੀ ਚੰਦ ਦੇ ਘਰ ਦੋ ਲੜਕੀਆਂ-ਅਮਨਦੀਪ ਤੇ ਕਮਲਦੀਪ ਪੈਦਾ ਹੋਈਆਂ। ਗੀਤਕਾਰੀ ਦੇ ਸਿਰ ’ਤੇ ਧਨੀ ਰਾਮ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਸ ਨੇ ਉਸਤਾਦ ਛਿੰਦੇ ਨਾਲ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਧਨੀ ਰਾਮ ਦਾ ਨਾਂ ‘ਅਮਰ ਸਿੰਘ ਚਮਕੀਲਾ’ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ ਰਾਮਲੀਲ੍ਹਾ ’ਚ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਨੇ ਰੱਖਿਆ।