ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੁਣ ਪਾਣੀ ਦੀ ਮਾਰ ਤੋਂ ਬਾਅਦ ਇਕ ਹੋਰ ਵੱਡਾ ਖ਼ਤਰਾ ਮੰਡਰਾਉਂਦਾ ਵਿਖਾਈ ਦੇ ਰਿਹਾ ਹੈ। ਜੋ ਹੜ੍ਹਾਂ ਅਤੇ ਬਰਸਾਤੀ ਪਾਣੀ ਤੋਂ ਪੈਦਾ ਹੋਣ ਵਾਲੇ ਖ਼ਤਰਨਾਕ ਮੱਛਰਾਂ ਨਾਲ ਜੁੜਿਆ ਹੈ। ਦਰਅਸਲ ਸੁਲਤਾਨਪੁਰ ਲੋਧੀ ਇਲਾਕੇ ਦੇ ਮੰਡ ਖੇਤਰ ਤੇ ਹੋਰ ਨਾਲ ਲਗਦੇ ਸੰਬੰਧਿਤ 40 ਪਿੰਡਾਂ ਵਿਚ ਹੁਣ ਹੜ੍ਹਾਂ ਤੇ ਬਰਸਾਤੀ ਪਾਣੀ ਦੇ ਦਸਤਕ ਦੇਣ ਮਗਰੋਂ ਡੇਂਗੂ ਦਾ ਖ਼ਤਰਾ ਮੰਡਰਾਉਣ ਲੱਗਾ ਹੈ, ਜਿਸ ਮਗਰੋਂ ਡੇਂਗੂ ਦੇ ਬੁਖਾਰ ਦਾ ਕਹਿਰ ਇੰਨ੍ਹੀ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ ’ਚ ਕਾਫ਼ੀ ਸਮਾਂ ਲੱਗਦਾ ਹੈ।
ਮੱਛਰ ਦੇ ਕੱਟਣ ਦੇ ਲਗਪਗ 3-5 ਦਿਨਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨ ਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖਾਰ ਹੋਣ ’ਤੇ ਤੇਜ਼ ਠੰਡ ਲੱਗਦੀ ਹੈ। ਸਿਰ ਦਰਦ, ਲੱਕ ਦਰਦ ਅਤੇ ਅੱਖਾਂ ‘ਚ ਤੇਜ਼ ਦ ਰਦ ਹੋਣ ਲੱਗ ਜਾਂਦਾ ਹੈ। ਜੋੜਾਂ ’ਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।
ਅਜਿਹੇ ਦੇ ਵਿਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਕਿਹਾ ਹੈ ਕਿ ਹੜ੍ਹਾਂ ਤੇ ਬਰਸਾਤੀ ਪਾਣੀ ਦੀ ਮਾਰ ਦੇ ਚੱਲਦਿਆਂ ਗੰਧਲੇ ਪਾਣੀ ਤੋਂ ਪੈਦਾ ਹੋਏ ਖ਼ਤਰ ਨਾਕ ਮੱਛਰਾਂ ਨੇ ਉਨ੍ਹਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਤੇ ਉਨ੍ਹਾਂ ਨੂੰ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਕਾਰਨ ਉਨ੍ਹਾਂ ਦਾ ਪਹਿਲਾਂ ਹੀ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਪਰ ਹੁਣ ਖ਼ਤਰਾ ਉਨ੍ਹਾਂ ਦੀ ਜਾਨ ’ਤੇ ਬਣ ਆਇਆ ਹੈ।
ਉਨ੍ਹਾਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ ਇਨ੍ਹਾਂ ਜਾਨ ਲੇਵਾ ਬਣਦੇ ਹਾਲਾਤ ਤੋਂ ਨਿਜ਼ਾਤ ਦਿਵਾਉਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਬੀਮਾਰੀਆਂ ਤੋਂ ਨਜਿੱਠਣ ਲਈ ਉਨ੍ਹਾਂ ਵੱਲੋਂ ਪੁਖਤਾ ਤੌਰ ’ਤੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਫਿਰ ਵੀ ਪਹਿਲ ਦੇ ਆਧਾਰ ’ਤੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਦਾ ਖ਼ਾਸ ਤੌਰ ‘ਤੇ ਧਿਆਨ ਰੱਖਦੇ ਹੋਇਆਂ ਅਜਿਹੀਆਂ ਪੈਦਾ ਹੋਣ ਵਾਲੀਆਂ ਖ਼ਤਰਨਾਕ ਬੀਮਾਰੀਆਂ ਤੋਂ ਜਲਦ ਹੀ ਰਾਹਤ ਦਿਵਾਉਣ ਲਈ ਹਰ ਪੱਖੋਂ ਸੰਭਵ ਯਤਨ ਕੀਤੇ ਜਾਣਗੇ।