IPL 2023 ਦੇ 70ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ ਅਤੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਗੁਜਰਾਤ ਦੇ ਸ਼ੁਭਮਨ ਗਿੱਲ ਦੀ 104 ਦੌੜਾਂ ਦੀ ਜ਼ਬਰਦਸਤ ਪਾਰੀ ਨੇ ਵਿਰਾਟ ਕੋਹਲੀ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਨੂੰ ਢੇਰ ਕਰ ਦਿੱਤਾ। ਗੁਜਰਾਤ ਦੀ ਜਿੱਤ ਦੇ ਨਾਲ ਹੀ ਮੁੰਬਈ ਪਲੇਆਫ ‘ਚ ਪਹੁੰਚ ਗਈ ਅਤੇ RCB ਦਾ ਸਫਰ ਖਤਮ ਹੋ ਗਿਆ, ਜਿਸ ਤੋਂ ਬਾਅਦ RCB ਦੇ ਪ੍ਰਸ਼ੰਸਕਾਂ ਦੇ ਹੌਂਸਲੇ ਟੁੱਟ ਗਏ।
ਜਾਣੋ ਮਾਰਨ ਦੀਆਂ ਧਮਕੀਆਂ – ਜਿੱਥੇ ਹੁਣ ਇੱਕ ਪਾਸੇ ਸ਼ੁਭਮਨ ਗਿੱਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਉੱਥੇ ਦੂਜੇ ਪਾਸੇ ਉਨ੍ਹਾਂ ਦੀ ਭੈਣ ਨੂੰ ਵੀ ਸੋਸ਼ਲ ਮੀਡੀਆ ‘ਤੇ ਗਾਲ੍ਹਾਂ ਲਿਖੀਆਂ ਗਈਆਂ। ਇਕ ਯੂਜ਼ਰ ਨੇ ਰਿਸ਼ਭ ਪੰਤ ਦੀ ਐਕਸੀਡੈਂਟ ਕਾਰ ਦੀ ਫੋਟੋ ਸ਼ੇਅਰ ਕਰ ਲਿਖਿਆ ਕਿ ਇਸ ਕਾਰ ‘ਚ ਗਿੱਲ ਨੂੰ ਹੋਣਾ ਚਾਹੀਦਾ ਸੀ। ਸੋਸ਼ਲ ਮੀਡੀਆ ‘ਤੇ ਹੇਟਰਜ਼ ਨੇ ਕ੍ਰਿਕਟਰ ਦੀ ਭੈਣ ਸ਼ਾਹਨੀਲ ਗਿੱਲ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਦੇ ਇੰਸਟਾਗ੍ਰਾਮ ਪੋਸਟ ਦੇ ਟਿੱਪਣੀ ਬਾਕਸ ਵਿੱਚ ਗਾਲ੍ਹਾਂ ਦੀ ਵਰਖਾ ਹੀ ਕਰ ਦਿੱਤੀ।
ਬਚਾਅ ਲਈ ਆਏ ਲੋਕ, ਅਜਿਹਾ ਨਾ ਕਰਨ ਦੀ ਕੀਤੀ ਅਪੀਲ
ਸ਼ਾਹਨੀਲ ਨੇ ਕਾਫੀ ਸਮਾਂ ਪਹਿਲਾਂ ਇੰਸਟਾਗ੍ਰਾਮ ‘ਤੇ ਗੁਜਰਾਤ ਬਨਾਮ ਲਖਨਊ ਮੈਚ ਦੀ ਤਸਵੀਰ ਸ਼ੇਅਰ ਕੀਤੀ ਸੀ। ਜਿਸ ਦੇ ਕੈਪਸ਼ਨ ‘ਚ ਉਸ ਨੇ ਲਿਖਿਆ, ‘ਕਿੰਨਾ ਸ਼ਾਨਦਾਰ ਦਿਨ ਸੀ’।ਉਨ੍ਹਾਂ ਦੀ ਇਸ ਪੋਸਟ ‘ਤੇ ਵੀ ਕੁਝ ਲੋਕ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਸ਼ੁਭਮਨ ਲਈ ਅਪਸ਼ਬਦ ਬੋਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਬਚਾਅ ਕਰਦੇ ਹੋਏ ਕੁਝ ਯੂਜਰਜ਼ ਅਜਿਹਾ ਨਾ ਬੋਲਣ ਦੀ ਅਪੀਲ ਵੀ ਕਰ ਰਹੇ ਹਨ।
ਵਿਰਾਟ ਨੇ ਗਿੱਲ ਨੂੰ ਜੱਫੀ ਪਾ ਕੇ ਦਿੱਤੀ ਵਧਾਈ – ਜਦੋਂ ਕਿ RCB ਦੇ ਕੁਝ ਪ੍ਰਸ਼ੰਸਕ ਸ਼ੁਭਮਨ ਗਿੱਲ ਅਤੇ ਉਨ੍ਹਾਂ ਦੀ ਭੈਣ ਲਈ ਗਲਤ ਟਿੱਪਣੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਸ਼ੁਭਮਨ ਨੂੰ ਗਲੇ ਲਗਾਇਆ ਅਤੇ ਮੁਸਕਰਾ ਕੇ ਉਸ ਦੀ ਪਿੱਠ ਥਪਥਪਾਈ ਅਤੇ ਉਸ ਦਾ ਹੌਸਲਾ ਵਧਾਇਆ। ਸ਼ੁਭਮਨ ਗਿੱਲ ਨੇ 52 ਗੇਂਦਾਂ ‘ਤੇ 5 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਦੀ ਵਿਰਾਟ ਕੋਹਲੀ ਨੇ ਵੀ ਸ਼ਲਾਘਾ ਕੀਤੀ।
ਇੰਝ ਪਲਟਿਆ ਸੀ ਮੈਚ ਦੱਸ ਦੇਈਏ IPL 2023 ਵਿੱਚ RCB ਦਾ ਪ੍ਰਦਰਸ਼ਨ ਵਧੀਆ ਚੱਲ ਰਿਹਾ ਸੀ। ਟੀਮ ਇਸ ਵਾਰ ਟਰਾਫੀ ਆਪਣੇ ਨਾਮ ਕਰਨਾ ਚਾਹੁੰਦੀ ਸੀ। ਪ੍ਰਸ਼ੰਸਕਾਂ ਦਾ ਵੀ ਇਹੀ ਸੁਪਨਾ ਸੀ। ਪਰ ਪਲੇਆਫ ਵਿੱਚ ਪਹੁੰਚਣ ਲਈ ਆਰਸੀਬੀ ਨੂੰ ਆਪਣੇ ਆਖਰੀ ਮੈਚ ਵਿੱਚ ਗੁਜਰਾਤ ਨੂੰ ਹਰਾਉਣਾ ਜ਼ਰੂਰੀ ਸੀ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕੀਤੀ। ਵਿਰਾਟ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਬੈਕ ਟੂ ਬੈਕ ਸੈਂਕੜਾ ਜੜਿਆ ਅਤੇ ਆਰਸੀਬੀ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ।
ਕੋਹਲੀ ਨੇ 61 ਗੇਂਦਾਂ ‘ਚ 13 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 101 ਦੌੜਾਂ ਬਣਾਈਆਂ। ਗੁਜਰਾਤ ਨੂੰ ਜਿੱਤ ਲਈ 198 ਦੌੜਾਂ ਦੀ ਲੋੜ ਸੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਅਤੇ ਵਿਜੇ ਸ਼ੰਕਰ ਦੇ ਅਰਧ ਸੈਂਕੜੇ ਦੀ ਬਦੌਲਤ GT ਨੇ ਆਸਾਨੀ ਨਾਲ ਮੈਚ ਜਿੱਤ ਲਿਆ। ਇਸ ਨਾਲ RCB ਦਾ ਪਲੇਆਫ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ ਅਤੇ Mumbai Indians ਲਈ ਇਹ ਵੱਡਾ ਮੌਕਾ ਬਣ ਗਿਆ।