ਘੱਗਰ ਨੂੰ ਵੇਖ ਤੁਸੀਂ ਵੀ ਜਾਓਗੇ ਕੰਬ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਗਰ ਦਰਿਆ ’ਚ ਆਲਮਗੀਰ ਨੇੜੇ ਪਏ ਪਾੜ ਤੋਂ ਬਾਅਦ ਆਸ ਪਾਸ ਪੈਂਦੇ ਸਾਧਾਂਪੁਰ, ਦੰਡੇਰਾ, ਖਜੂਰ ਮੰਡੀ, ਟਿਵਾਣਾ ਅਤੇ ਆਲਮਗੀਰ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਉਣ ਲਈ ਬਚਾਅ ਕਾਰਜ ਜੰਗੀ ਪੱਧਰ ’ਤੇ ਆਰੰਭ ਦਿੱਤੇ ਗਏ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੀਤੀਆਂ ਅਣਥੱਕ ਕੋਸ਼ਿਸਾਂ ਦੇ ਬਾਵਜੂਦ ਅੱਜ ਘੱਗਰ ’ਚ ਪਾਣੀ ਦਾ ਪੱਧਰ ਅਚਾਨਕ ਵੱਧ ਜਾਣ ਕਾਰਨ, ਆਲਮਗੀਰ ਪਿੰਡ ਨੇੜੇ ਬੰਨ੍ਹ ’ਚ ਪਾੜ ਪੈ ਗਿਆ ਜਿਸ ਦੇ ਮੱਦੇਨਜ਼ਰ ਨੇੜੇ ਲਗਦੇ ਉਕਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉੁਣ ’ਚ ਐਨ ਡੀ ਆਰ ਐਫ਼ ਅਤੇ ਫ਼ੌਜ ਦੀ ਮੱਦਦ ਲਈ ਗਈ ਹੈ।

ਉਨ੍ਹਾਂ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਇਸ ਪਾੜ ਦੇ ਪਾਣੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਮੇਂ ਰਿਸ ਬੱਸਾਂ ਦਾ ਪ੍ਰਬੰਧ ਕਰ ਲਿਆ ਗਿਆ ਸੀ ਅਤੇ ਉਕਤ ਪਿੰਡਾਂ ਦੇ ਲੋਕਾਂ ਨੂੰ ਬਾਹਰ ਸੁਰੱਖਿਅਤ ਥਾਂ ’ਤੇ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਸੀ।

ਡਿਪਟੀ ਕਮਿਸ਼ਨਰ ਅਨੁਸਾਰ ਬਚਾਅ ਕਾਰਜਾਂ ਦੀ ਨਿਗਰਾਨੀ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਕਰ ਰਹੇ ਹਨ ਅਤੇ ਲੋਕਾਂ ਨੂੰ ਇਸ ਕਾਰਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਤੋਂ ਬਚਾਉਣ ਲਈ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਲਾਲੜੂ ਨੇੜੇ ਜਸ਼ਨ ਪੈਲੇਸ ਅਤੇ ਸਿਟੀ ਰਿਜ਼ਾਰਟ ਵਿਖੇ ਬਣਾਏ ਰਾਹਤ ਕੈਂਪਾਂ ’ਚ ਕੀਤਾ ਗਿਆ ਹੈ।

ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ, ਪ੍ਰਸ਼ਾਸਨ ਉਨ੍ਹਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਟਿਵਾਣਾ ਪਿੰਡ ਤੋਂ ਕਲ੍ਹ ਹੀ 65 ਦੇ ਕਰੀਬ ਮਹਿਲਾਵਾਂ ਅਤੇ ਬੱਚਿਆਂ ਨੂੰ ਜਸ਼ਨ ਪੈਲੇਸ ਤਬਦੀਲ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਐਨ ਡੀ ਆਰ ਐਫ਼ ਵੱਲੋਂ ਪਾੜ ਪੈਣ ਤੋਂ ਬਾਅਦ ਪਾਣੀ ’ਚ ਘਿਰੇ ਖਜੂਰ ਮੰਡੀ ਦੇ 25 ਲੋਕਾਂ ਨੂੰ ਮੌਕੇ ’ਤੇ ਹੀ ਪਾਣੀ ’ਚੋਂ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਘੱਗਰ ’ਚ ਪਾਣੀ ਦਾ ਵਹਾਅ ਘਟਣ ਦੇ ਨਾਲ ਹੀ ਇਸ ਪਾੜ ਨੂੰ ਪੂਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਐਸਡੀਐਮ ਅਨੁਸਾਰ ਪ੍ਰਸ਼ਾਸਨਿਕ ਟੀਮਾਂ ਸਥਿਤੀ ਤੇ ਪੂਰੀ ਨਜ਼ਰ ਰੱਖ ਰਹੀਆਂ ਹਨ ਅਤੇ ਉਕਤ ਪਿੰਡਾਂ ਤੋਂ ਇਲਾਵਾ ਇਸ ਪਾੜ ਨਾਲ ਹੋਰ ਕੋਈ ਪਿੰਡ ਪ੍ਰਭਾਵਿਤ ਨਹੀਂ ਹੋਇਆ।

Leave a comment

Your email address will not be published. Required fields are marked *