ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਦੋਖੋ

ਚੱਕਰਵਾਤੀ ਤੂਫਾਨ ਬਿਪਰਜੋਏ ਕੱਲ੍ਹ ਸ਼ਾਮ ਗੁਜਰਾਤ ਦੇ ਕਿਨਾਰੇ ਨਾਲ ਟਕਰਾ ਗਿਆ। ਜਿਸ ਕਰਕੇ ਦੱਖਣੀ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਵੇਖਣ ਨੂੰ ਮਿਲੀਆਂ। ਤੂਫਾਨ ਕਾਰਨ ਹੋਏ ਨੁਕਸਾਨ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਫੌਜ, NDRF ਸਮੇਤ ਸਾਰੀਆਂ ਏਜੰਸੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਦੱਸ ਦੇਈਏ ਕੇਂਦਰ ਸਰਕਾਰ ਦੇ ਮੰਤਰੀ ਖੁਦ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਗੁਜਰਾਤ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ, ਨਾਲ ਹੀ ਤੇਜ਼ ਹਵਾ ਕਾਰਨ ਕਈ ਥਾਵਾਂ ‘ਤੇ ਦਰੱਖਤ ਵੀ ਉਖੜ ਗਏ ਹਨ।

ਕੁਝ ਹਿੱਸਿਆਂ ਵਿੱਚ ਬਿਜਲੀ ਦੇ ਖੰਭੇ ਵੀ ਡਿੱਗਣ ਦੀ ਜਾਣਕਾਰੀ ਮਿਲੀ ਹੈ।ਗੁਜਰਾਤ ਦੇ ਰਾਹਤ ਕਮਿਸ਼ਨਰ ਆਲੋਕ ਪਾਂਡੇ ਨੇ ਦੱਸਿਆ ਕਿ ਗਾਂਧੀਨਗਰ ‘ਚ ਚੱਕਰਵਾਤ ਬਿਪਰਜੋਏ ਕਾਰਨ 22 ਲੋਕ ਜ਼ਖਮੀ ਹੋਏ ਹਨ। ਅਜੇ ਤੱਕ ਕਿਸੇ ਦੀ ਮੌਤ ਦੀ ਕੋਈ ਖਬਰ ਨਹੀਂ ਹੈ। ਤੂਫਾਨ ਕਾਰਨ 23 ਪਸ਼ੂਆਂ ਦੀ ਮੌਤ ਹੋ ਗਈ ਹੈ। 524 ਦਰੱਖਤ ਡਿੱਗ ਗਏ ਹਨ ਅਤੇ ਕਈ ਥਾਵਾਂ ‘ਤੇ ਬਿਜਲੀ ਦੇ ਖੰਭੇ ਵੀ ਡਿੱਗੇ ਹਨ। ਜਿਸ ਕਾਰਨ 940 ਪਿੰਡਾਂ ‘ਚ ਬਿਜਲੀ ਚਲੀ ਗਈ ਹੈ।

ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫ਼ਾਨ ਬਿਪਰਜੋਏ ਗੁਜਰਾਤ ਦੇ 940 ਪਿੰਡਾਂ ਵਿੱਚੋਂ ਲੰਘਦਾ ਹੋਇਆ ਹੁਣ ਰਾਜਸਥਾਨ ਵੱਲ ਵਧ ਰਿਹਾ ਹੈ। ਬਿਪਰਜੋਏ ਕਾਰਨ ਗੁਜਰਾਤ ਦੇ ਇਲਾਕਿਆਂ ਵਿੱਚ 125 ਤੋਂ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਬਾਅਦ ਵਿੱਚ ਹਵਾ ਦੀ ਰਫ਼ਤਾਰ 108 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ। ਇਸ ਦੌਰਾਨ ਭੁਜ ‘ਚ 5 ਇੰਚ ਤੱਕ ਮੀਂਹ ਪਿਆ। ਇਸ ਦੇ ਨਾਲ ਹੀ ਦਵਾਰਕਾ ਅਤੇ ਭੁਜ ਵਿੱਚ ਵੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।

ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਚੱਕਰਵਾਤ ਬਿਪਰਜੋਏ ਦਿੱਲੀ ਅਤੇ ਚਾਰ ਹੋਰ ਰਾਜਾਂ ਵਿੱਚ ਬਾਰਿਸ਼ ਲਿਆਉਣ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤ ਕਾਰਨ ਰਾਜਸਥਾਨ, ਪੰਜਾਬ, ਹਰਿਆਣਾ, ਨਵੀਂ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਅਗਲੇ ਚਾਰ ਦਿਨਾਂ ਵਿੱਚ ਮੀਂਹ ਪਵੇਗਾ।ਦੱਸਿਆ ਜਾ ਰਿਹਾ ਕਿ 18-19 ਜੂਨ ਤੱਕ ਕਮਜ਼ੋਰ ਹੋਇਆ ਚੱਕਰਵਾਤ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਨੇੜੇ ਪਹੁੰਚ ਜਾਵੇਗਾ। ਜਿਸ ਮਗਰੋਂ ਇਹਨਾਂ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਅਤੇ ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।

ਵੀਰਵਾਰ ਨੂੰ ਪਾਕਿਸਤਾਨ ਦੇ ਤੱਟਵਰਤੀ ਖੇਤਰਾਂ ਵਿੱਚ ਚੱਕਰਵਾਤ ਬਿਪਰਜੋਏ ਦੇ ਆਗਮਨ ਤੋਂ ਪਹਿਲਾਂ ਦੇਸ਼ ਦੇ ਦੱਖਣੀ ਸਿੰਧ ਸੂਬੇ ਵਿੱਚ 82,000 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਚੱਕਰਵਾਤ ਦੇ ਪ੍ਰਭਾਵ ਕਾਰਨ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਨੂੰ ਵੇਖਦਿਆਂ, ਇਸ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Leave a comment

Your email address will not be published. Required fields are marked *