ਮਾਤਾ ਗੁਜਰ ਕੌਰ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸੁਪਤਨੀ ਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ।ਮਾਤਾ ਗੁਜਰ ਕੌਰ ਜੀ ਦਾ ਜਨਮ ਜ਼ਿਲਾ ਜਲੰਧਰ ਦੇ ਕਰਤਾਰਪੁਰ ‘ਚ ਭਾਈ ਲਾਲ ਚੰਦ ਜੀ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ 1619 ‘ਚ ਹੋਇਆ।ਸੰਨ 1634 ਦੇ ਕਰੀਬ ਉਨਾਂ੍ਹ ਦਾ ਵਿਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ।
ਮਾਤਾ ਗੁਜਰੀ ਜੀ ਦਾ ਸਮੁੱਚਾ ਜੀਵਨ ਸਿੱਖੀ ਨੂੰ ਸਮਰਪਿਤ ਰਿਹਾ।ਮਾਤਾ ਜੀ ਦਾ ਲੰਬਾ ਸਮਾਂ ਪਹਿਲਾਂ ਕੀਰਤਪੁਰ ਸਾਹਿਬ, ਫਿਰ ਬਾਬਾ ਬਕਾਲੇ ਤੋਂ ਬਾਅਦ ‘ਚ ਪਟਨਾ ਸਾਹਿਬ ਬਿਹਾਰ ਰਹੇ, ਇੱਥੇ ਹੀ ਬਾਲ ਗੋਬਿੰਦ ਰਾਏ ਨੇ ਮਾਤਾ ਜੀ ਦੇ ਘਰ ਜਨਮ ਲਿਆ।ਬਾਲ ਗੋਬਿੰਦ ਰਾਏ ਮਹਿਜ਼ 9 ਸਾਲ ਦੇ ਸਨ, ਜਦੋਂ ਹਿੰਦੂ ਧਰਮ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦੇ ਦਿੱਤੀ।ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ 15 ਸਾਲ ਆਨੰਦਪੁਰ ਸਾਹਿਬ ‘ਚ ਅਮਨ-ਸ਼ਾਂਤੀ ਨਾਲ ਬਤੀਤ ਹੋਏ।ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖਾਲੀ ਕਰਨ ਦੇ ਨਾਲ ਹੀ ਗੁਰੂ ਪਰਿਵਾਰ ਤੇ ਸਿੱਖ ਪੰਥ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।ਸਿਰਸਾ ਦੇ ਕੰਢੇ ‘ਤੇ ਪੂਰਾ ਪਰਿਵਾਰ ਵਿਛੜ ਗਿਆ।
ਚਮਕੌਰ ਦੀ ਗੜ੍ਹੀ ‘ਚ ਵੱਡੇ ਪੋਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ।ਪੁੱਤਰ ਮਾਛੀਵਾੜੇ ਦੇ ਜੰਗਲਾਂ ਦੇ ਰਾਹ ਪੈ ਗਿਆ।ਛੋਟੇ ਪੋਤਰੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ‘ਤੇ ਬਾਬਾ ਫਤਿਹ ਸਿੰਘ ਨਾਲ ਮਾਤਾ ਗੁਜਰੀ ਹੀ ਗੰਗੂ ਬ੍ਰਾਹਮਣ ਦੇ ਵੱਸ ਪੈ ਗਏ।ਨਿੱਕੇ-ਨਿੱਕੇ ਲਾਲਾਂ ਨਾਲ ਠੰਡੇ ਬੁਰਜ ‘ਚ ਪੋਹ ਦੀਆਂ ਰਾਤਾਂ ਤਾਂ ਮਾਤਾ ਗੁਜਰੀ ਜੀ ਬਿਰਧ ਸਰੀਰ ਨਾਲ ਝੱਲ ਗਏ ਪਰ ਜ਼ਿਗਰ ਦੇ ਟੁਕੜਿਆਂ ਦੀ ਸ਼ਹੀਦੀ ਮਗਰੋਂ ਮਾਤਾ ਗੁਜਰੀ ਜੀ ਵੀ ਆਪਣਾ ਸਰੀਰ ਤਿਆਗ ਸ਼ਹੀਦੀ ਪਾ ਗਏ।