ਬੱਚੇ ਦੇ ਜਨਮ ‘ਤੇ ਮਾਲੋ-ਮਾਲ ਹੋ ਜਾਂਦੇ ਨੇ ਮਾਪੇ

ਦੱਖਣੀ ਕੋਰੀਆ ਦੇਸ਼ ਦੀ ਘਟਦੀ ਹੋਈ ਜਨਮ ਦਰ ਤੋਂ ਪ੍ਰੇਸ਼ਾਨ ਹੈ। ਇਸ ਨੇ ਜਨਮ ਦਰ ਨੂੰ ਵਧਾਉਣ ਲਈ ਬੱਚੇ ਪੈਦਾ ਕਰਨ ’ਤੇ ਲੋਕਾਂ ਨੂੰ ਲੱਖਾਂ ਰੁਪਏ ਦੇਣ ਦੀਆਂ ਆਕਰਸ਼ਕ ਯੋਜਨਾਵਾਂ ਚਲਾਈਆਂ ਹਨ। ਇਸੇ ਕੜੀ ’ਚ ਦੱਖਣੀ ਕੋਰੀਆ ਸ਼ਹਿਰ ਇੰਚਿਯੋਨ ਮੈਟਰੋਪਾਲੀਟਨ ਸਰਕਾਰ ਨੇ ਪੈਦਾ ਹੋਣ ਵਾਲੇ ਹਰ ਬੱਚੇ ਦੇ 18 ਸਾਲ ਤੱਕ ਪਾਲਣ-ਪੋਸ਼ਣ ਲਈ 100 ਮਿਲੀਅਨ ਵਾਨ ਭਾਵ 64 ਲੱਖ 2477 ਰੁਪਏ ਖ਼ਰਚ ਕਰਨ ਦਾ ਐਲਾਨ ਕੀਤਾ ਹੈ। ‘‘100 ਮਿਲੀਅਨ+ਮੇਰਾ ਸਪਨਾ’’ ਨਾਂ ਦੀ ਇਸ ਨੀਤੀ ’ਚ 2023 ਤੋਂ ਇੰਚਿਯੋਨ ’ਚ ਪੈਦਾ ਹੋਣ ਵਾਲੇ ਹਰੇਕ ਬੱਚੇ ਨੂੰ ਜਨਮ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਇਹ ਸਹਾਇਤਾ ਪ੍ਰਦਾਨ ਕਰਨ ਦੇ ਮਤੇ ਹਨ।

2023 ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਪੁਰਸਕਾਰ–ਇੰਚਿਯੋਨ ਸ਼ਹਿਰ ’ਚ ਪਹਿਲਾਂ ਤੋਂ ਹੀ ਇਸ ਯੋਜਨਾ ਅਧੀਨ ਬੱਚੇ ਦੇ ਜਨਮ ’ਤੇ ਲੋਕਾਂ ਨੂੰ 72 ਮਿਲੀਅਨ ਵਾਨ ਦਿੱਤੇ ਜਾ ਰਹੇ ਸਨ, ਇਸ ’ਚ ਹੁਣ 28 ਮਿਲੀਅਨ ਦੀ ਰਕਮ ਹੋਰ ਵਧਾਈ ਗਈ ਹੈ। 2023 ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਕਵਰ ਕਰਨ ਲਈ ਇੰਚਿਯੋਨ ਸਰਕਾਰ ਨੇ 2016 ਤੋਂ 2019 ਦਰਮਿਆਨ ਪੈਦਾ ਹੋਏ ਹਰੇਕ ਬੱਚੇ ਨੂੰ ਹਰ ਮਹੀਨੇ 50,000 ਵਾਨ ਪੁਰਸਕਾਰ ਅਤੇ 2020 ਅਤੇ 2023 ਦਰਮਿਆਨ ਪੈਦਾ ਹੋਏ ਬੱਚੇ ਨੂੰ ਹਰ ਮਹੀਨੇ 1,00,000 ਵਾਨ ਪੁਰਸਕਾਰ ਦੇਣ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ, ਇੰਚਿਯੋਨ ਸਰਕਾਰ ਦਾ ਟੀਚਾ ਗਰਭਵਤੀ ਔਰਤਾਂ ਲਈ ਆਵਾਜਾਈ ਖ਼ਰਚ ’ਚ 5,00,000 ਵਾਨ ਨੂੰ ਕਵਰ ਕਰਨ ਲਈ ਇਕਮੁਸ਼ਤ ਸਬਸਿਡੀ ਪ੍ਰਦਾਨ ਕਰਨਾ ਵੀ ਹੈ।

ਘਟ ਹੀ ਹੈ ਇੰਚਿਯੋਨ ਦੀ ਪ੍ਰਜਨਨ ਦਰ—–ਇੰਚਿਯੋਨ ਦੇ ਮੇਅਰ ਯੂ ਜਿਯੋਂਗ-ਬੋਕ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਕਿ ਇੰਚਿਯੋਨ ਦੀ ਜਨਮ ਨੀਤੀ ਇਕ ਬੱਚੇ ਦੇ ਵਿਕਾਸ ਦੇ ਸਾਰੇ ਪੜਾਵਾਂ ਲਈ ਲਗਾਤਾਰ ਮਦਦ ਪ੍ਰਦਾਨ ਕਰਨ ’ਤੇ ਕੇਂਦ੍ਰਿਤ ਹੈ। ਉਸ ਦੇ ਬਚਪਨ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਸਰਕਾਰ ਉਸ ਦੇ ਪਾਲਣ-ਪੋਸ਼ਣ ਲਈ ਪਾਬੰਦ ਹੈ। ਉਨ੍ਹਾਂ ਨੇ ਕਿਹਾ ਕਿ ਆਸ ਹੈ ਕਿ ਇੰਚਿਯੋਨ ਦੀ ਸਰਗਰਮ ਜਨਮ ਨੀਤੀ ਨਾਲ ਰਾਸ਼ਟਰੀ ਜਨਮ ਦਰ ਨੂੰ ਉਤਸ਼ਾਹਤ ਕਰਨ ਵਾਲੀਆਂ ਨੀਤੀਆਂ ਬਣਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਇਸ ਸਾਲ ਦੀ ਤੀਜੀ ਤਿਮਾਹੀ ’ਚ ਇੰਚਿਯੋਨ ਦੀ ਪ੍ਰਜਨਨ ਦਰ 0.66 ਸੀ, ਜੋ ਰਾਸ਼ਟਰਪੱਧਰੀ ਔਸਤ 0.7 ਦਰ ਤੋਂ ਘੱਟ ਹੈ।

Leave a comment

Your email address will not be published. Required fields are marked *