ਤੁਹਾਡੀ ਅਰਦਾਸ ਕਦੋਂ ਪੂਰੀ ਹੁੰਦੀ

ਗੁਰੂ ਨਾਨਕ ਦੇਵ ਜੀ ਨੇ ਅਰਦਾਸ ਵੇਲੇ ਪਰਮਾਤਮਾ ਅਗੇ ਆਤਮ-ਸਮਰਪਣ ਦੀ ਗੱਲ ਕਹੀ ਹੈ — ਨਾਨਕੁ ਏਕ ਕਹੈ ਅਰਦਾਸਿ। ਜੀਉ ਪਿੰਡੁ ਸਭੁ ਤੇਰੈ ਪਾਸਿ। (ਗੁ.ਗ੍ਰੰ.25)। ਗੁਰੂ ਅੰਗਦ ਦੇਵ ਜੀ ਨੇ ਖੜ੍ਹੇ ਹੋ ਕੇ ਅਰਦਾਸ ਕਰਨ ਦੀ ਤਾਕੀਦ ਕੀਤੀ ਹੈ — ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ। ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ। (ਗੁ.ਗ੍ਰੰ. 1093)। ਗੁਰੂ ਅਰਜਨ ਦੇਵ ਜੀ ਨੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਨ ਲਈ ਕਿਹਾ ਹੈ — ਦੁਇ ਕਰ ਜੋੜਿ ਕਰਉ ਅਰਦਾਸਿ। ਤੁਧੁ ਭਾਵੈ ਤਾ ਆਣਹਿ ਰਾਸਿ। (ਗੁ.ਗ੍ਰੰ.736- 37)। ਸਪੱਸ਼ਟ ਹੈ ਕਿ ਅਰਦਾਸ ਖੜ੍ਹੇ ਹੋ ਕੇ ਅਤੇ ਹੱਥ ਜੋੜ ਕੇ ਸੱਚੇ ਦਿਲੋਂ ਪ੍ਰਭੂ ਅਗੇ ਆਤਮ-ਸਮਰਪਣ ਕਰਦੇ ਹੋਇਆਂ ਕਰਨੀ ਚਾਹੀਦੀ ਹੈ। ਮੁਹਸਨ ਫ਼ਾਨੀ ਨੇ ‘ਦਬਿਸਤਾਨੇ ਮਜ਼ਾਹਿਬ’ ਵਿਚ ਲਿਖਿਆ ਹੈ ਕਿ ਲੋੜ ਸਮੇਂ ਸਿੱਖ ਗੁਰੂ ਦਰਬਾਰ ਵਿਚ ਹਾਜ਼ਰ ਹੋ ਕੇ ਸੰਗਤ ਪਾਸੋਂ ਅਰਦਾਸ ਕਰਾਉਂਦੇ ਸਨ ।

ਗੁਰਮਤਿ ਅਨੁਯਾਈ ਆਮ ਤੌਰ ’ਤੇ ਹਰ ਇਕ ਕਾਰਜ ਦੇ ਸ਼ੁਰੂ ਕਰਨ ਵੇਲੇ ਉਸ ਦੀ ਪੂਰਤੀ ਦੀ ਅਭਿਲਾਸ਼ਾ ਵਜੋਂ ਜਾਂ ਕਿਸੇ ਹੋਰ ਧਾਰਮਿਕ ਜਾਂ ਸਮਾਜਿਕ ਕਾਰਜ ਵੇਲੇ ਅਰਦਾਸ ਜ਼ਰੂਰ ਕਰਦੇ/ਕਰਾਉਂਦੇ ਹਨ— ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ। ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ। ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ। ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ। (ਗੁ.ਗ੍ਰੰ.91)।

ਅਰਦਾਸ ਕਰਨ ਨਾਲ ਜਿਗਿਆਸੂ ਦੇ ਮਨ ਵਿਚ ਦ੍ਰਿੜ੍ਹਤਾ-ਪੂਰਵਕ ਆਤਮ-ਬਲ ਦਾ ਸੰਚਾਰ ਹੁੰਦਾ ਹੈ। ਉਹ ਆਤਮ-ਨਿਰਭਰ ਹੁੰਦਾ ਹੈ। ਪਰਮ-ਸੱਤਾ ਦੀ ਸਰਵੁਚਤਾ ਦੀ ਧਾਰਣਾ ਉਸ ਦੇ ਮਨ ਵਿਚ ਬਣੀ ਰਹਿੰਦੀ ਹੈ। ਹਉਮੈ , ਦੁਬਿਧਾ ਅਤੇ ਸੁਆਰਥ ਜਿਹੇ ਅਨੇਕ ਵਿਕਾਰ ਖ਼ਤਮ ਹੁੰਦੇ ਹਨ। ਆਤਮ-ਵਿਸ਼ਵਾਸ ਦੇ ਵਿਕਸਿਤ ਹੋਣ ਨਾਲ ਅਸੰਭਵ ਸਥਿਤੀ ਸੰਭਵ ਵਿਚ ਬਦਲ ਜਾਂਦੀ ਹੈ। ਸਿੱਖ-ਇਤਿਹਾਸ ਦੀਆਂ ਅਨੇਕ ਘਟਨਾਵਾਂ ਇਸ ਕਥਨ ਦੀ ਸਾਖ ਭਰਦੀਆਂ ਹਨ ਕਿ ‘ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ।’ (ਗੁ.ਗ੍ਰੰ.819)। ਸਚ ਤਾਂ ਇਹ ਹੈ ਕਿ ‘ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ।’ (ਗੁ.ਗ੍ਰੰ.714)

ਅਰਦਾਸ ਦਾ ਗੁਰੂ-ਕਾਲ ਵੇਲੇ ਕੀ ਸਰੂਪ ਸੀ , ਇਸ ਬਾਰੇ ਹੁਣ ਕੁਝ ਕਹਿ ਸਕਣਾ ਸਰਲ ਨਹੀਂ , ਪਰ ਅਰਦਾਸ ਕਰਨ/ਕਰਾਉਣ ਦੀ ਪਰੰਪਰਾ ਮੌਜੂਦ ਸੀ। ਇਸ ਦੀ ਪੁਸ਼ਟੀ ਜਨਮਸਾਖੀ-ਸਾਹਿਤ, ਦਬਿਸਤਾਨੇ-ਮਜ਼ਾਹਿਬ ਅਤੇ ਗੁਰੂ- ਇਤਿਹਾਸ ਤੋਂ ਹੋ ਜਾਂਦੀ ਹੈ। ਇਸ ਦੇ ਮਹੱਤਵ, ਸਰੂਪ ਅਤੇ ਫਲ-ਪ੍ਰਾਪਤੀ ਸੰਬੰਧੀ ਅਨੇਕ ਆਖਿਆਨ ਪ੍ਰਚਲਿਤ ਹਨ। ਅਰਦਾਸ ਦਾ ਵਰਤਮਾਨ ਰੂਪ ਸਿੱਖ ਮਿਸਲਾਂ ਵੇਲੇ ਪ੍ਰਚਲਿਤ ਹੋਇਆ ਪ੍ਰਤੀਤ ਹੁੰਦਾ ਹੈ। ਇਸ ਵਿਚ ਸਭ ਤੋਂ ਪਹਿਲਾਂ ‘ਸੁਖਮਨੀ ’ ਸਾਹਿਬ ਦੀ ਚੌਥੀ ਅਸ਼ਟਪਦੀ ਦੀ ਆਖੀਰਲੀ ਪਦੀ ਉਚਾਰੀ ਜਾਂਦੀ ਹੈ — ਤੂ ਠਾਕੁਰੁ ਤੁਮ ਪਹਿ ਅਰਦਾਸਿ।

ਜੀਉ ਪਿੰਡੁ ਸਭੁ ਤੇਰੀ ਰਾਸਿ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ। ਕੋਇ ਨ ਜਾਨੈ ਤੁਮਰਾ ਅੰਤੁ। ਊਚੇ ਤੇ ਊਚਾ ਭਗਵੰਤ। ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ। ਤੁਮ ਤੇ ਹੋਇ ਸੁ ਆਗਿਆਕਾਰੀ। ਤੁਮਰੀ ਗਤਿ ਮਿਤਿ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। (ਗੁ.ਗ੍ਰੰ.268)।

Leave a comment

Your email address will not be published. Required fields are marked *