ਕੈਨੇਡਾ ’ਚ ਜਗਮੀਤ ਸਿੰਘ ਦੀ ਪਾਰਟੀ ਦੀ ਵੱਡੀ ਜਿੱਤ

ਕੈਨੇਡਾ ਦੇ ਮੈਨੀਟੋਬਾ ਸੂਬੇ ’ਚ ਪੰਜਾਬੀ ਮੂਲ ਦੇ ਜਗਮੀਤ ਸਿੰਘ ਦੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 57 ਵਿਧਾਨ ਸਭਾ ਸੀਟਾਂ ’ਚੋਂ 34 ’ਤੇ ਜਗਮੀਤ ਸਿੰਘ ਦੇ ਉਮੀਦਵਾਰ ਜਿੱਤੇ ਹਨ। ਇਨ੍ਹਾਂ ’ਚ ਪੰਜਾਬੀ ਮੂਲ ਦੇ 3 ਕੈਨੇਡੀਅਨ ਵੀ ਸ਼ਾਮਲ ਹਨ। ਇੱਥੇ ਦੱਸ ਦਈਏ ਕਿ ਇਸ ਹਫ਼ਤੇ ਮੈਨੀਟੋਬਾ ਸੂਬਾਈ ਚੋਣਾਂ ਵਿੱਚ ਇੱਕ ਸਿੰਗਲ ਲਿਬਰਲ ਚੁਣਿਆ ਗਿਆ। ਮੈਨੀਟੋਬਾ ਲਿਬਰਲ ਐਮ.ਐਲ.ਏ. ਸਿੰਡੀ ਲੈਮੌਰੌਕਸ ਹੁਣ ਲਿਬਰਲ ਬ੍ਰਾਂਡ ਦੇ ਤਹਿਤ ਟੋਰਾਂਟੋ ਦੇ ਪੱਛਮ ਤੋਂ ਚੁਣੀ ਗਈ ਇਕਲੌਤੀ ਸੂਬਾਈ ਸਿਆਸਤਦਾਨ ਹੈ।

ਇਨ੍ਹਾਂ ਚੋਣਾਂ ’ਚ ਜਿੱਥੇ ਦਿਲਜੀਤ ਬਰਾੜ ਬਰੋਜ ਨੇ ਵਿਧਾਨ ਸਭਾ ਸੀਟ ਜਿੱਤੀ, ਉੱਥੇ ਹੀ ਮਿੰਟੂ ਸੰਧੂ (ਸੁਖਜਿੰਦਰ ਪਾਲ) ਅਤੇ ਜਸਦੀਪ ਦੇਵਗਨ ਕ੍ਰਮਵਾਰ ਦਿ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਚੁਣੇ ਗਏ। ਇਹ ਤਿੰਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਸਨ, ਜਿਸ ਨੇ ਬਹੁਮਤ ਹਾਸਲ ਕੀਤਾ ਹੈ। ਸੂਬੇ ’ਚ ਐੱਨ.ਡੀ.ਪੀ. ਸਰਕਾਰ ਬਣਾਏਗੀ। ਉੱਥੇ ਹੀ ਬਰਾੜ ਤੇ ਸੰਧੂ ਵੀ ਕੈਬਨਿਟ ਅਹੁਦੇ ਦੀ ਦੌੜ ’ਚ ਹਨ। ਪੰਜਾਬੀ ਮੂਲ ਦੇ ਕੁੱਲ 9 ਐੱਨ. ਆਰ. ਆਈ. ਮੈਦਾਨ ’ਚ ਸਨ। ਇਸ ਤੋਂ ਪਹਿਲਾਂ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਦੋ ਪੰਜਾਬੀਆਂ ਦਲਜੀਤ ਬਰਾੜ ਅਤੇ ਮਿੰਟੂ ਸੰਧੂ ਨੇ ਕੈਨੇਡਾ ਦੇ ਮੈਨੀਟੋਬਾ ਤੋਂ ਚੋਣ ਜਿੱਤੀ ਸੀ।

ਐੱਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ ਦੀ ਵਿਚਾਰਧਾਰਾ ਖਾਲਿਸਤਾਨੀ ਹੈ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਉਨ੍ਹਾਂ ਨੇ ਟਰੂਡੋ ਸਰਕਾਰ ’ਤੇ ਕਾਫੀ ਦਬਾਅ ਪਾਇਆ ਸੀ। ਘੱਟ ਗਿਣਤੀ ’ਚ ਚੱਲ ਰਹੀ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਗਮੀਤ ਸਿੰਘ ਦੀ ਪਾਰਟੀ ਦੇ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਕੈਨੇਡਾ ਦੇ ਕਿਸੇ ਸੂਬੇ ’ਚ ਜਗਮੀਤ ਸਿੰਘ ਦੀ ਪਾਰਟੀ ਦੀ ਇਤਿਹਾਸਕ ਜਿੱਤ ਕਾਰਨ ਸਿੱਖ ਅਤੇ ਪੰਜਾਬੀ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਹੈ।

ਕੈਨੇਡਾ ਦੇ ਵੈਨਕੂਵਰ ’ਚ ਰਹਿ ਰਹੇ ਸੀਨੀਅਰ ਲੇਖਕ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਐੱਨ. ਡੀ. ਪੀ. ਦਾ ਲੋਕ ਆਧਾਰ ਲਗਾਤਾਰ ਵਧ ਰਿਹਾ ਹੈ। ਕੈਨੇਡਾ ਦੇ ਲੋਕ ਜਗਮੀਤ ਸਿੰਘ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ। ਜਦੋਂ ਤੋਂ ਜਗਮੀਤ ਸਿੰਘ ਨੂੰ ਕਮਾਨ ਮਿਲੀ ਹੈ, ਪਾਰਟੀ ਦਾ ਗ੍ਰਾਫ਼ ਉੱਚਾ ਹੋਇਆ ਹੈ। ਹਾਲਾਂਕਿ ਮੈਨੀਟੋਬਾ ’ਚ ਬੀ. ਸੀ. ਤੇ ਓਂਟਾਰੀਓ ਦੇ ਮੁਕਾਬਲੇ ਪੰਜਾਬੀ ਭਾਈਚਾਰੇ ਦੇ ਲੋਕ ਬਹੁਤ ਘੱਟ ਹਨ ਪਰ ਉਥੋਂ ਦੇ ਪੱਕੇ ਅਤੇ ਮੂਲ ਨਿਵਾਸੀਆਂ ਨੇ ਵੀ ਜਗਮੀਤ ਸਿੰਘ ਦੀ ਪਾਰਟੀ ਦਾ ਸਮਰਥਨ ਕੀਤਾ ਹੈ। ਜਿੱਥੇ ਪਹਿਲਾਂ ਟਰੂਡੋ ਦੀਆਂ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਵਿਚਾਲੇ ਮੁਕਾਬਲਾ ਸੀ, ਉੱਥੇ ਹੁਣ ਐੱਨ. ਡੀ. ਪੀ. ਇਹ ਵੀ ਵੱਡਾ ਧੜਾ ਬਣ ਗਿਆ ਹੈ। ਇਸ ਨਾਲ ਕੈਨੇਡਾ ਦੀ ਸਿਆਸਤ ਦੇ ਸਮੀਕਰਨ ਬਦਲ ਰਹੇ ਹਨ।

Leave a comment

Your email address will not be published. Required fields are marked *