ਪੰਜਾਬ ਪੁਲਿਸ ਨੇ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ਵਿੱਚ ਐਸਐਚਓ ਨਵਦੀਪ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਭਗੌੜੇ ਹੋਏ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਦੇ ਸਾਬਕਾ ਇੰਚਾਰਜ ਨਵਦੀਪ ਸਿੰਘ ਨੂੰ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਨਵਦੀਪ ਨੂੰ ਫਰਾਰ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ।
ਐੱਸਐੱਚਓ ਖਿਲਾਫ ਕਾਰਵਾਈ ਕਰਨ ਤੋਂ ਬਾਅਦ ਹੁਣ ਢਿੱਲੋਂ ਭਰਾ ਦਾ ਪਰਿਵਾਰ ਵੀ ਜਸ਼ਨਬੀਰ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ। ਅੱਜ ਪਰਿਵਾਰ ਜਸ਼ਨਬੀਰ ਦੀ ਲਾਸ਼ ਲੈਣ ਸੁਲਤਾਨਪੁਰ ਲੋਧੀ ਗਿਆ ਹੋਇਆ ਹੈ। ਢਿੱਲੋਂ ਭਰਾਵਾਂ ਦੇ ਪਿਤਾ ਨੇ ਦੱਸਿਆ ਕਿ ਜਸ਼ਨਬੀਰ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਮਾਡਲ ਟਾਊਨ ਸਥਿਤ ਗੁਰੂ ਤੇਗ ਬਹਾਦਰ ਗੁਰਦੁਆਰਾ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਬਰਖ਼ਾਸਤ ਐਸਐਚਓ ਨੂੰ ਜਲਦੀ ਗ੍ਰਿਫ਼ਤਾਰ ਕਰੇ।
ਢਿੱਲੋਂ ਬ੍ਰਦਰਜ਼ ਦੇ ਬਿਆਸ ਦਰਿਆ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਡੀਜੀਪੀ ਗੌਰਵ ਯਾਦਵ ਨੇ ਥਾਣਾ ਡਵੀਜ਼ਨ ਨੰਬਰ 1 ਦੇ ਐੱਸਐੱਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਨਵਦੀਪ ਸਿੰਘ ਨੂੰ ਬਰਖ਼ਾਸਤ ਕਰਨ ਦੀ ਪੁਸ਼ਟੀ ਕਪੂਰਥਲਾ ਦੇ ਐੱਸਪੀ ਡੀ ਨੇ ਕੀਤੀ ਹੈ। ਐੱਸਐੱਚਓ ‘ਤੇ ਕਾਰਵਾਈ ਕਰਨ ਤੋਂ ਬਾਅਦ ਪਰਿਵਾਰ ਨੇ ਜਸ਼ਨਬੀਰ ਦਾ ਅੱਜ ਸ਼ਾਮ 4 ਵਜੇ ਦੇ ਕਰੀਬ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ‘ਚ ਸਸਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਸ਼ਨਬੀਰ ਦੀ ਲਾਸ਼ ਤਿੰਨ ਦਿਨ ਪਹਿਲਾਂ ਪਿੰਡ ਤਲਵੰਡੀ ਚੌਧਰੀਆਂ ਦੇ ਨੇੜਿਓਂ ਦਰਿਆ ‘ਚ ਪੈਂਦੇ ਖੇਤਾਂ ‘ਚੋਂ ਬਰਾਮਦ ਹੋਈ ਸੀ ਜਦਕਿ ਜਸ਼ਨਬੀਰ ਦੇ ਭਰਾ ਮਾਨਵਜੀਤ ਦੀ ਲਾਸ਼ ਅਜੇ ਵੀ ਬਰਾਮਦ ਨਹੀਂ ਹੋਈ ਹੈ। ਦਰਅਸਲ ਪਰਿਵਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਿੰਨੀ ਦੇਰ ਐੱਸਐੱਚਓ, ਮੁਨਸ਼ੀ ਤੇ ਮਹਿਲਾ ਸਿਪਾਹੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਸਸਕਾਰ ਨਹੀਂ ਕਰਨਗੇ। ਪਰਿਵਾਰ ਵਾਲਿਆਂ ਨੇ ਲਾਸ਼ ਚੰਡੀਗੜ੍ਹ ਲੈ ਜਾ ਕੇ ਰੋਸ ਪ੍ਰਦਰਸ਼ਨ ਕਰਨ ਦੀ ਵੀ ਚਿਤਾਵਨੀ ਦਿੱਤੀ ਸੀ।